Friday 16 March 2012

ਇਕ ਟੋਟਾ ਜਿਗਰ ਮੇਰੇ ਦਾ - meri maa

ਇਕ ਟੋਟਾ ਜਿਗਰ ਮੇਰੇ ਦਾ ਜਾਹਨੋਂ ਤੁਰ ਗਿਆ
ਤੁਰ ਗਿਆ ਸੋ ਹੋ ਗਿਆ ਏ ਸੁਰਖਰੂ

ਦੂਸਰਾ ਫਿਰਦਾ ਏ ਵਣ ਵਣ ਭਟਕਦਾ
ਕੀ ਪਤਾ ਉਹ ਫੇਰ ਕਦ ਵਿਹੜੇ ਵੜੂ
ਸੁਖ ਰੱਖ ਸਤਿਗੁਰੂ

ਉਹ ਜਿਹੜਾ ਵਿਚਕਾਰਲਾ
ਉਂਜ ਤਾਂ ਜਿਉਂਦਾ ਰਵੇ, ਵਸਦਾ ਰਵੇ
ਪਰ ਨਮੋਹਾ ਸੁਹਲ ਬਹੁਤਾ ਨਿਕਲਿਆ
ਅਖੇ ਮੇਰੇ ਪੈਰ ਸੜਦੇ
ਏਸ ਤਪਦੀ ਧਰਤੀ 'ਤੇ
ਜੂਹ ਪਰਾਈ ਵੜ ਗਿਆ
ਆਪਣੇ ਹਿੱਸੇ ਦੀ ਤਪਦੀ ਰੇਤ ਮਿੱਟੀ ਵੇਚ ਕੇ
ਰਾਤ ਗੱਡੀ ਚੜ ਗਿਆ

ਰਹਿ ਗਈ ਏਥੇ ਮੈਂ ਕਾਗ ਉਡਾਉਣ ਨੂੰ
ਤਪ ਰਹੀ ਧਰਤੀ 'ਤੇ ਔਸੀਆਂ ਪਾਉਣ ਨੂੰ
ਇਹ ਜੋ ਛੋਟੇ ਨੇ
ਬਲੌਰਾਂ ਹਾਣ ਦੇ
ਉਹ ਮੇਰੀ ਛਾਤੀ ਤੇ ਰੱਖੇ
ਪੱਥਰਾਂ ਦੇ ਬੋਝ ਨੂੰ
ਸ਼ੁਕਰ ਹੈ ਰੱਬ ਦਾ
ਅਜੇ ਨਹੀਂ ਜਾਣਦੇ

ਸਿਰ ਦਾ ਸਾਈਂ
ਹੋਂਦ ਦੀ ਸੀਮਾ ਤੋਂ ਪਾਰ
ਓਸ ਦੇ ਬਸ ਬੋਲ ਚੇਤੇ ਰਹਿ ਗਏ
ਜਾਂ ਕਦੀ ਰਾਤਾਂ ਨੂੰ ਮੈਂ
ਪੌੜ ਇਕ ਬੇਚੈਨ ਘੋੜੇ ਦੇ ਸੁਣਾਂ

ਦੂਰ ਇਕ ਦਰਵੇਸ਼ ਗਾਉਂਦੇ ਦੀ ਆਵਾਜ਼
ਰੋਂਦੇ ਦਰਿਆਵਾਂ ਦਾ ਸ਼ੋਰ

ਅੱਕ ਲਗਦੀ ਏ ਤਾਂ ਦੇਖਾਂ
ਸਾਵੇ ਪੱਤੇ ਸੜ ਰਹੇ
ਆਲਣੇ ਛੱਡ ਛੱਡ ਕੇ ਪੰਛੀ ਉੜ ਰਹੇ
ਰੁਖ ਵੀ ਧਰਤੀ ਤੋਂ ਹਿਜ਼ਰਤ ਕਰ ਰਹੇ

ਤ੍ਰਭਕ ਕੇ ਉਠਾਂ ਡਰਾਉਣੇ ਖਾਬ ਚੋਂ
ਨਿੱਕਿਆਂ ਦੇ ਮੁੱਖ ਟੋਹਵਾਂ
ਚਿੱਤ ਨੂੰ ਧਰਵਾਸ ਦੇਵਾਂ

ਸ਼ੁਕਰ ਹੈ ਸਿਰ ਤਾਰਿਆਂ ਦਾ ਥਾਲ ਹੈ
ਜ਼ਹਿਰ ਦਾ ਇਹ ਪਹਿਰ ਓੜਕ ਬੀਤਣਾ
ਅੰਤ ਅੰਮਿ੍ਤ ਵੇਲਾ ਹੋਵਣਹਾਰ ਹੈ
ਪੌਣ ਵਿਚ ਬਾਣੀ ਘੁਲੇਗੀ
ਪੱਤੇ ਥਿਰਕਣਗੇ ਸੁਰਾਂ ਦੇ ਵਾਂਗਰਾਂ
ਰੁੱਖ ਸ਼ਾਮਲ ਹੋਣਗੇ ਅਰਦਾਸ ਵਿਚ............!!

No comments:

Post a Comment