Wednesday 7 March 2012

ਮੇਰੇ ਮਨ ਵਿਚ ਖੌਫ਼ ਬਹੁਤ ਨੇ, ਥੋੜ੍ਹੀ ਥੋੜ੍ਹੀ ਆਸ ਵੀ ਹੈ |

ਮੇਰੇ ਮਨ ਵਿਚ ਖੌਫ਼ ਬਹੁਤ ਨੇ, ਥੋੜ੍ਹੀ ਥੋੜ੍ਹੀ ਆਸ ਵੀ ਹੈ |
ਕਾਲੀ ਰਾਤ ਹੈ ਪਰ ਇਕ ਨਿੰਮ੍ਹੇ ਦੀਵੇ ਦੀ ਧਰਵਾਸ ਵੀ ਹੈ |

ਮੇਰੀ ਕਵਿਤਾ ਮੇਰੇ ਮਨ ਦੇ ਹਰ ਮੌਸਮ ਦੀ ਵਿਥਿਆ ਹੈ |
ਬਹੁਤਾ ਮੇਰਾ, ਥੋੜ੍ਹਾ ਥੋੜ੍ਹਾ ਸਮਿਆਂ ਦਾ ਇਤਿਹਾਸ ਵੀ ਹੈ |

ਪਾਜ਼ੇਬਾਂ ਤੋਂ ਬੇੜੀਆਂ ਤਕ ਹਰ ਸਾਜ਼ ਤੋਂ ਕਵਿਤਾ ਵਾਕਿਫ਼ ਹੈ |
ਬੂਹੇ ਬੂਹੇ ਤੇ ਛਣਕਾ ਕੇ ਲੰਘਣ ਦਾ ਅਭਿਆਸ ਵੀ ਹੈ |

ਮੇਰੇ ਮਨ ਵਿਚ ਸਾਜ਼ ਹਜ਼ਾਰਾਂ ਅਪਣਾ ਅਪਣਾ ਰਾਗ ਵਜਾਉਣ,
ਸ਼ੋਰ ਜਿਹਾ ਇਕ ਦਿਨ ਸਾਜ਼ੀਨਾ ਬਣਜਾਊ ਇਹ ਆਸ ਵੀ ਹੈ |

ਹਉਮੈ, ਮਮਤਾ , ਖੌਫ਼ , ਦੁਚਿੱਤੀ ਚਾਰੇ ਪਾਸੇ ਕੰਧਾਂ ਨੇ ,
ਐ ਮਨ ਟੋਲ ਕੋਈ ਦਰਵਾਜ਼ਾ ਹੋਣਾ ਬੰਦ-ਖਲਾਸ ਵੀ ਹੈ |

No comments:

Post a Comment