Saturday 10 March 2012

ਕੱਲ ਰਾਤੀਂ ਕੁਝ ਲੱਕੜਹਾਰੇ

ਕੱਲ ਰਾਤੀਂ ਕੁਝ ਲੱਕੜਹਾਰੇ
ਕਾਲੇ ਵਣ ਚੋਂ ਲੰਘ ਰਹੇ ਸਨ
ਸਾਵੇ ਸਾਵੇ ਬਿਰਖਾਂ ਕੋਲੋਂ
ਬਲਦਾ ਚੁੱਲਾ ਮੰਗ ਰਹੇ ਸਨ

ਕਿਹੜੇ ਸੇਕ ਨੇ ਇਉਂ ਪਿਘਲਾਏ
ਪਾਣੀ ਨੀਵੇਂ ਉੱਤਰ ਆਏ
ਧਰਤ ਸੁਹਾਗਣ ਦੇ ਪੋਰਾਂ ਨੂੰ
ਕਤਰਾ ਕਤਰਾ ਅੰਗ ਰਹੇ ਸਨ

ਲੰਘਦੇ ਨੰਗੇ ਬਾਜ਼ਾਰਾਂ ਚੋਂ
ਆਉਂਦੇ ਵਾਰਿਸ ਜਾਂਦੇ ਪੁਰਖੇ
ਉਹਲੇ ਉਹਲੇ ਬਚਦੇ ਫਿਰਦੇ
ਇਕ ਦੂਜੇ ਤੋਂ ਸੰਗ ਰਹੇ ਸਨ

ਲੋਹੇ ਨੂੰ ਹਥਿਆਰ ਬਣਾ ਕੇ
ਬੰਦੇ ਭੁੱਖ ਪਿਆਸ ਮਿਟਾ ਕੇ
ਆਪੇ ਘੜੀਆਂ ਮੂਰਤੀਆਂ ਤੋਂ
ਰੋ ਰੋ ਮਾਫੀ ਮੰਗ ਰਹੇ ਸਨ

ਇਕ ਬੰਦੇ ਦੇ ਹੁਕਮ ਦੇ ਬੱਧੇ
ਇਕ ਨੂੰ ਸੂਲੀ ਟੰਗ ਰਹੇ ਸਨ
ਕਿੰਨੇ ਕੋਲੋਂ ਦੁੱਕ ਚ ਡੁੱਬੇ
ਚੁਪ ਚੁਪੀਤੇ ਲੰਘ ਰਹੇ ਸਨ

ਅਰਸ਼ 'ਤੇ ਤਾਰੇ ਧਰਤ ਤੇ ਅੱਖਰ
ਚਮਕ ਰਹੇ ਸਨ ਰਾਤ ਬਰਾਤੇ
ਸਨ ਕੁਝ ਲੋਕ ਜੋ ਕਾਈਨਾਤ ਨੂੰ
ਪਿਆਰ ਦੇ ਰੰਗ ਚ ਰੰਗ ਰਹੇ ਸਨ.......

No comments:

Post a Comment