Friday, 16 March 2012

ਇਕ ਟੋਟਾ ਜਿਗਰ ਮੇਰੇ ਦਾ - meri maa

ਇਕ ਟੋਟਾ ਜਿਗਰ ਮੇਰੇ ਦਾ ਜਾਹਨੋਂ ਤੁਰ ਗਿਆ
ਤੁਰ ਗਿਆ ਸੋ ਹੋ ਗਿਆ ਏ ਸੁਰਖਰੂ

ਦੂਸਰਾ ਫਿਰਦਾ ਏ ਵਣ ਵਣ ਭਟਕਦਾ
ਕੀ ਪਤਾ ਉਹ ਫੇਰ ਕਦ ਵਿਹੜੇ ਵੜੂ
ਸੁਖ ਰੱਖ ਸਤਿਗੁਰੂ

ਉਹ ਜਿਹੜਾ ਵਿਚਕਾਰਲਾ
ਉਂਜ ਤਾਂ ਜਿਉਂਦਾ ਰਵੇ, ਵਸਦਾ ਰਵੇ
ਪਰ ਨਮੋਹਾ ਸੁਹਲ ਬਹੁਤਾ ਨਿਕਲਿਆ
ਅਖੇ ਮੇਰੇ ਪੈਰ ਸੜਦੇ
ਏਸ ਤਪਦੀ ਧਰਤੀ 'ਤੇ
ਜੂਹ ਪਰਾਈ ਵੜ ਗਿਆ
ਆਪਣੇ ਹਿੱਸੇ ਦੀ ਤਪਦੀ ਰੇਤ ਮਿੱਟੀ ਵੇਚ ਕੇ
ਰਾਤ ਗੱਡੀ ਚੜ ਗਿਆ

ਰਹਿ ਗਈ ਏਥੇ ਮੈਂ ਕਾਗ ਉਡਾਉਣ ਨੂੰ
ਤਪ ਰਹੀ ਧਰਤੀ 'ਤੇ ਔਸੀਆਂ ਪਾਉਣ ਨੂੰ
ਇਹ ਜੋ ਛੋਟੇ ਨੇ
ਬਲੌਰਾਂ ਹਾਣ ਦੇ
ਉਹ ਮੇਰੀ ਛਾਤੀ ਤੇ ਰੱਖੇ
ਪੱਥਰਾਂ ਦੇ ਬੋਝ ਨੂੰ
ਸ਼ੁਕਰ ਹੈ ਰੱਬ ਦਾ
ਅਜੇ ਨਹੀਂ ਜਾਣਦੇ

ਸਿਰ ਦਾ ਸਾਈਂ
ਹੋਂਦ ਦੀ ਸੀਮਾ ਤੋਂ ਪਾਰ
ਓਸ ਦੇ ਬਸ ਬੋਲ ਚੇਤੇ ਰਹਿ ਗਏ
ਜਾਂ ਕਦੀ ਰਾਤਾਂ ਨੂੰ ਮੈਂ
ਪੌੜ ਇਕ ਬੇਚੈਨ ਘੋੜੇ ਦੇ ਸੁਣਾਂ

ਦੂਰ ਇਕ ਦਰਵੇਸ਼ ਗਾਉਂਦੇ ਦੀ ਆਵਾਜ਼
ਰੋਂਦੇ ਦਰਿਆਵਾਂ ਦਾ ਸ਼ੋਰ

ਅੱਕ ਲਗਦੀ ਏ ਤਾਂ ਦੇਖਾਂ
ਸਾਵੇ ਪੱਤੇ ਸੜ ਰਹੇ
ਆਲਣੇ ਛੱਡ ਛੱਡ ਕੇ ਪੰਛੀ ਉੜ ਰਹੇ
ਰੁਖ ਵੀ ਧਰਤੀ ਤੋਂ ਹਿਜ਼ਰਤ ਕਰ ਰਹੇ

ਤ੍ਰਭਕ ਕੇ ਉਠਾਂ ਡਰਾਉਣੇ ਖਾਬ ਚੋਂ
ਨਿੱਕਿਆਂ ਦੇ ਮੁੱਖ ਟੋਹਵਾਂ
ਚਿੱਤ ਨੂੰ ਧਰਵਾਸ ਦੇਵਾਂ

ਸ਼ੁਕਰ ਹੈ ਸਿਰ ਤਾਰਿਆਂ ਦਾ ਥਾਲ ਹੈ
ਜ਼ਹਿਰ ਦਾ ਇਹ ਪਹਿਰ ਓੜਕ ਬੀਤਣਾ
ਅੰਤ ਅੰਮਿ੍ਤ ਵੇਲਾ ਹੋਵਣਹਾਰ ਹੈ
ਪੌਣ ਵਿਚ ਬਾਣੀ ਘੁਲੇਗੀ
ਪੱਤੇ ਥਿਰਕਣਗੇ ਸੁਰਾਂ ਦੇ ਵਾਂਗਰਾਂ
ਰੁੱਖ ਸ਼ਾਮਲ ਹੋਣਗੇ ਅਰਦਾਸ ਵਿਚ............!!

ਮੈਂ ਕਿਉਂ ਡਰਦਾ ਉਲਝਣੋਂ ਤਲਵਾਰਾਂ ਦੇ ਨਾਲ

ਮੈਂ ਕਿਉਂ ਡਰਦਾ ਉਲਝਣੋਂ ਤਲਵਾਰਾਂ ਦੇ ਨਾਲ
ਚਾਰ ਦਿਨਾਂ ਦੀ ਜਿੰਦਗੀ ਮੌਤ ਹਜਾਰਾਂ ਸਾਲ

ਕੱਢਾਂ ਏਸ ਨਰੇਲ ਚੋਂ ਮਿੱਟੀ ਦੁੱਧ ਸਵੇਰ
ਚੀਰਾਂ ਅੱਧੀ ਰਾਤ ਨੂੰ ਚੀਕ ਦੇ ਚਾਕੂ ਨਾਲ

ਖੇਡੋਗੇ ਸ਼ਤਰੰਜ ਜੇ ਮਰ ਚੁੱਕਿਆਂ ਦੇ ਨਾਲ
ਆਪ ਹੀ ਚੱਲਣੀ ਪਵੇਗੀ ਓਨਾਂ ਦੀ ਵੀ ਚਾਲ

ਦੂਜੇ ਰੋਜ ਦਹਾੜਦਾ, ਦਿਨ ਸੀ ਚਾਰ ਪਹਾੜ ਦਾ
ਰਾਤੀਂ ਤਾਰੇ ਰੁੜ ਗਏ, ਦਰਿਆਵਾਂ ਦੇ ਨਾਲ

ਪੁੰਨ ਸੀ ਖਬਰੇ ਪਾਪ ਸੀ, ਜਾਂ ਫਿਰ ਅੱਲਾ ਆਪ ਸੀ
ਘਰ ਦੀ ਸਰਦਲ ਟੱਪ ਗਈ ਦਰਿਆਵਾਂ ਦੀ ਚਾਲ

ਜੰਗਲ ਪੀਲਾ ਜਰਦ ਸੀ, ਅਸਮਾਨਾਂ ਤੇ ਗਰਦ ਸੀ
ਪੌਣਾਂ ਵਿੱਚ ਸੀ ਉਲਝਿਆ, ਸਾਹਾਂ ਦਾ ਜੰਜਾਲ

ਪਰੇਤ ਸੀ ਖਬਰੇ ਪੌਣ ਸੀ, ਭੇਤ ਨਹੀਂ ਕੁਛ ਕੌਣ ਸੀ
ਰਹਿੰਦਾ ਸੀ ਕੁਛ ਹੌਂਕਦਾ, ਰਲ ਕੇ ਸਾਹਾਂ ਨਾਲ

ਉੱਗੇ ਪੱਤੇ ਤੋੜ ਲੈ, ਗਿਣ ਗਿਣ ਕੇ ਛਿਣ ਮੋੜ ਲੈ
ਲੈ ਸਾਹਾਂ ਤੋਂ ਤੋੜ ਲੈ, ਮਹਿਕਾਂ ਦਾ ਜੰਜਾਲ

ਮੈਂ ਕਿਉਂ ਪੱਥਰ ਹੋ ਗਿਆ, ਤੂੰ ਕਿਉਂ ਪਾਣੀ ਹੀ ਰਿਹਾ
ਰਿਸ਼ਮਾਂ ਦੀ ਤਲਵਾਰ ਤੂੰ ਮੈਂ ਕਿਉਂ ਬਣ ਗਿਆ ਢਾਲ

ਜਿਸ ਦਿਨ ਮੈਂ ਮਜਲੂਮ ਸਾਂ,ਉਸ ਦਿਨ ਨਜਮ ਆਸਾਨ ਸੀ
ਹੁਣ ਕੁਝ ਮੇਰਾ ਆਖਣਾ ਹੋ ਗਿਆ ਅੱਤ ਮੁਹਾਲ

ਦਰਦ ਥਕਾਵਟ ਬੇਬਸੀ, ਰੂਹ ਦੀ ਨਾਲੇ ਜਿਸਮ ਦੀ
ਮੈਥੋਂ ਚੱਲ ਨਹੀਂ ਹੋਂਵਦਾ, ਸਭ ਕੁੱਝ ਲੈ ਕੇ ਨਾਲ

ਨਿੱਤਰਿਆ ਨਾ ਮੈਂ ਕਦੇ, ਗੰਧਲੇ ਗੰਧਲੇ ਹੀ ਰਹੇ
ਪਾਣੀ ਮੇਰੀ ਸੋਚ ਦੇ ਮੇਰਿਆਂ ਅਕਸਾਂ ਨਾਲ

ਪੈਰ ਸੀ ਉਸਦੇ ਅੱਗ ਦੇ , ਪਰ ਮੈਂ ਵਿਛਿਆ ਹੀ ਰਿਹਾ
ਚਲਦੀ ਤੱਤੀ ਪੌਣ ਸੀ ਮੋਰਨੀਆਂ ਦੀ ਚਾਲ

ਡੁਬ ਜਾਣਾ ਸੀ ਚੰਦ ਨੇ, ਛੁਪ ਜਾਣਾ ਸੀ ਤਾਰਿਆਂ
ਚੰਗੇ ਵੇਲੇ ਪਾ ਲਿਆ, ਮੈਂ ਸ਼ਬਦਾਂ ਦਾ ਜਾਲ

ਰਹਿ ਗਿਆ ਨਾਲ ਕਿਤਾਬ 'ਤੇ, ਜਾਂ ਫਿਰ ਧੱਬਾ ਨਾਮ 'ਤੇ
ਮੈਂ ਤਾਂ ਤੋੜ ਕੇ ਆ ਗਿਆ, ਪੌਣਾਂ ਦਾ ਜੰਜਾਲ

ਲੱਖ ਸਫਾ ਮੈਂ ਫੋਲਿਆ, ਕਿਤਓਂ ਵੀ ਨਾ ਲੱਭਿਆ
ਤਾਂ ਹੀ ਲਿਖਣਾ ਪੈ ਗਿਆ, ਅਪਣੇ ਜੀ ਦਾ ਹਾਲ

ਕਾਲੀ ਨੀਂਦਰ ਸੌਂ ਰਹੇ, ਖੰਜਰ ਸਨ ਬਰੜਾਂਵਦੇ
ਕਿੰਨੀ ਵਾਰੀ ਤਰਭਕ ਕੇ ਉੁਠੀ ਰੂਹ ਦੀ ਢਾਲ

ਉਸ ਦੀ ਨੀਂਦ ਚੋਂ ਚੀਰ ਕੇ, ਵਰਕਾ ਸੂਹੇ ਖਾਬ ਦਾ
ਖਤ ਲਿਖਿਆ ਅਮਿਤੋਜ ਨੂੰ, ਲਿਖਿਆ ਹੰਝੂਆਂ ਨਾਲ to be continue

ਅਜਕਲ ਸਾਡੇ ਅੰਬਰਾਂ ਉੱਤੇ

ਅਜਕਲ ਸਾਡੇ ਅੰਬਰਾਂ ਉੱਤੇ ਚੜਦਾ ਚੰਨ ਚਵਾਨੀ
ਕਾਹਦਾ ਮਾਣ ਦਵਾਨੀ ਪਿੱਛੇ ਚੱਲੀ ਬੀਤ ਜਵਾਨੀ

ਮੰਗਲ ਸੂਤਰ ਦੇ ਵਿੱਚ ਕਿਹੜਾ ਡਕ ਸਕਦਾ ਏ ਨਦੀਆਂ
ਕਿਹੜਾ ਪਾ ਸਕਦਾ ਏ ਚੰਦਰੇ ਮਨ-ਪੰਛੀ ਗਲ ਗਾਨੀ

ਟਪ ਜਾਂਦੀ ਹੈ ਹੱਦਾਂ ਬੰਨੇ ਹੜ ਦੀ ਤੇਜ ਰਵਾਨੀ
ਰੁਲਦੀ ਰਹਿ ਜਾਏ ਖੁਰੀਆਂ ਵਾਂਗੂੰ ਪਿਛਲੀ ਪਿਆਰ-ਨਿਸ਼ਾਨੀ

ਪਹਿਲਾਂ ਜੋ ਵੀ ਦਿਲ ਵਿੱਚ ਆਇਆ ਗੌਂਦੀ ਸੀ ਸ਼ਹਿਨਾਈ
ਫਿਰ ਸ਼ਹਿਨਾਈ ਦੇ ਗਲ ਅੰਦਰ ਫਸ ਗਈ ਇੱਕ ਅਠਿਆਨੀ

ਓਹੀ ਵਿੱਚ ਕਲੇਜੇ ਲੱਗੀ, ਉਸ ਦੀ ਕਲਮ ਬਣਾਈ
ਜਿਹੜੀ ਮਿਰਜੇ ਜੱਟ ਨੇ ਮਾਰੀ ਵਿੱਚ ਅਸਮਾਨ ਦੇ ਕਾਨੀ

Thursday, 15 March 2012

ਕੀ ਖਬਰ ਸੀ

ਕੀ ਖਬਰ ਸੀ ਜੱਗ ਤੇਨੂੰ ਇਸ ਤਰਾਂ ਭੁੱਲ ਜਾਇਗਾ
ਡਾਕ ਨਿਤ ਆਏਗੀ ਤੇਰੇ ਨਾਂ ਦਾ ਖਤ ਨਾ ਆਇਗਾ

ਤੂੰ ਉਸੇ ਨੂੰ ਚੁੱਕ ਲਵੇਂਗਾ ਤੇ ਪੜੇਂਗਾ ਖਤ ਦੇ ਵਾਂਗ
ਕੋਈ ਸੁੱਕਾ ਪੱਤਾ ਟੁੱਟ ਕੇ ਸਰਦਲਾਂ ਤਕ ਆਇਗਾ

ਰੰਗ ਕੱਚੇ ਸੁਰਖੀਆਂ ਹੋਵਣਗੀਆਂ ਅਖਬਾਰ ਦੀਆਂ
ਤੇਰੇ ਡੁੱਲੇ ਖੂਨ ਦੀ ਕੋਈ ਖਬਰ ਤਕ ਨਾ ਲਾਇਗਾ

ਰੇਡੀਓ ਤੋਂ ਨਸ਼ਰ ਨਿਤ ਹੋਵੇਗਾ ਦਰਿਆਵਾਂ ਦਾ ਸ਼ੋਰ
ਪਰ ਤੇਰੇ ਥਲ ਤੀਕ ਕਤਰਾ ਨੀਰ ਦਾ ਨਾ ਆਇਗਾ

ਰਹਿਣਗੇ ਵੱਜਦੇ ਸਦਾ ਟੇਪਾਂ ਦੇ ਵਿੱਚ ਪੱਛਮ ਦੇ ਗੀਤ
ਸ਼ਹਿਰ ਦੀ ਰੋਂਦੀ ਹਵਾ ਦਾ ਜਿਕਰ ਤਕ ਨਾ ਆਇਗਾ

ਇਸ ਤਰਾਂ ਸਭ ਝੁਲਸ ਜਾਵਣਗੇ ਤੇਰੇ ਰੀਝਾਂ ਦੇ ਬਾਗ
ਮੋਹ ਦੀ ਸੰਘਣੀ ਛਾਂ ਦਾ ਤੈਨੂੰ, ਖਾਬ ਤਕ ਨਾ ਆਇਗਾ

ਤੂੰ ਭਲਾ ਕੀ ਕਰ ਸਕੇਂਗਾ ਔੜ ਦਾ ਕੋਈ ਇਲਾਜ
ਹੰਝੂ ਇੱਕ ਆਏਗਾ , ਉਹ ਵੀ ਪਲਕ ਤੇ ਸੁਕ ਜਾਇਗਾ

ਸੜਕ ਤੇ ਵੇਖੇਂਗਾ ਨੰਗੇ ਪੈਰ ਭੱਜਦੀ ਛਾਂ ਜਿਹੀ
ਇਹ ਮੁਹੱਬਤ ਹੈ ਜਾਂ, ਯਾਦ ਕੁਛ ਕੁਛ ਆਇਗਾ

ਕਿਸੇ ਦਾ ਸੂਰਜ ਕਿਸੇ ਦਾ ਦੀਵਾ ਕਿਸੇ ਦਾ ਤੀਰ ਕਮਾਨ

ਕਿਸੇ ਦਾ ਸੂਰਜ ਕਿਸੇ ਦਾ ਦੀਵਾ ਕਿਸੇ ਦਾ ਤੀਰ ਕਮਾਨ
ਸਾਡੀ ਅੱਖ ਚੋਂ ਡਿਗਦਾ ਹੰਝੂ ਸਾਡਾ ਚੋਣ-ਨਿਸ਼ਾਨ

ਤਾਨਸੇਨ ਤੋਂ ਬਾਪ ਦਾ ਬਦਲਾ ਬੈਜੂ ਲੈਣ ਗਿਆ
ਤਾਨ ਸੁਣੀ ਤਾਂ ਕਿਰ ਗਈ ਹੱਥੋਂ ਹੰਝੂ ਕਿਰਪਾਨ

ਕਾਲੀ ਰਾਤ ਵਰਾਨੇ ਟਿੱਲੇ ਏਦਾਂ ਬਰਸੇ ਮੀਂਹ
ਜਿਉਂ ਕੋਈ ਅਧਖੜ ਔਤ ਜਨਾਨੀ ਨਾਵੇ ਵਿੱਚ ਸ਼ਮਸ਼ਾਨ

ਰਾਤ ਟਿਕੀ ਵਿੱਚ ਰੋਵੇ ਸ਼ਾਇਰ ਜਾਂ ਲੱਕੜ ਦਾ ਖੂਹ
ਦੋਹਾਂ ਉੱਤੇ ਹੱਸੀ ਜਾਵੇ ਅੱਜ ਦਾ ਜੱਗ ਜਹਾਨ

ਟਿੰਡਾਂ ਦੇ ਵਿੱਚ ਗੁਟਕੂੰ ਬੋਲੇ ਕਦੀ ਨਾ ਚੱਲੇ ਖੂਹ
ਟਿੰਡਾਂ ਵਿੱਚ ਮੇਰੇ ਬਚੜੇ ਸੁੱਤੇ ਬੱਚੜਿਆਂ ਵਿੱਚ ਜਾਨ

ਧੁਖਦੀ ਧਰਤੀ, ਤਪਦੇ ਪੈਂਡੇ, ਸੜਦੇ ਰੱਬ ਦੇ ਜੀਅ
ਸ਼ਾਇਦ ਓਹੀ ਰੱਬ ਹੈ ਜਿਹੜਾ ਚੁੱਪ ਲਿਸ਼ਕੇ ਅਸਮਾਨ

ਅਮ੍ਰਿਤ ਵੇਲਾ

ਅਮ੍ਰਿਤ ਵੇਲਾ
ਨੂਰ ਪਹਿਰ ਦਾ ਤੜਕਾ,
ਮੂੰਹ ਹਨੇਰਾ,
ਪਹੁ ਫੁਟਾਲਾ
ਧੰਮੀ ਵੇਲਾ, ਛਾਹ ਵੇਲਾ,
ਸੂਰਜ ਸਵਾ ਨੇਜ਼ੇ
ਟਿਕੀ ਦੁਪਹਿਰ, ਤੀਜਾ ਪਹਿਰ
ਲੌਢਾ ਵੇਲਾ , ਡੀਗਰ ਵੇਲਾ
ਲੋਏ ਲੋਏ ,ਸੂਰਜ ਖੜੇ ਖੜੇ
ਤਰਕਾਲਾਂ , ਡੂੰਘੀਆਂ ਸ਼ਾਮਾਂ, ਆਥਣ,
ਦੀਵਾ ਬੱਤੀ
ਕੌਲਾ ਸੋਟਾ, ਢਲੀਆਂ ਖਿੱਤੀਆਂ
ਤਾਰੇ ਦਾ ਚੜਾ,
ਚਿੜੀ ਚੂਕਣਾ, ਸਾਝਰਾ, ਸਵਖਤਾ,
ਵੱਡਾ ਵੇਲਾ
ਸਰਘੀ ਵੇਲਾ,
ਘੜੀਆਂ , ਪਲ,
ਬਿੰਦ, ਛਿਨ ਨਿਮਖ ਵਿਚਾਰੇ
ਮਾਰੇ ਗਏ ਇਕੱਲੇ time ਹਥੋਂ ਇਹ ਸ਼ਬਦ ਸਾਰੇ,

ਕੁੱਤੇ ਦੀ ਟਿਕ ਟਿਕ
ਚੰਨੇ ਦਾ ਬੋਹਲਾ
ਗ੍ਹਾਹਦੀ ਦੇ ਬੂਟੇ
ਕਾਂਜਢ਼, ਨਿਸਾਰ, ਚਕ੍ਲੀਆਂ, ਮੂਹਡੇ
ਭਰ ਭਰ ਡੁਲਦੀਆਂ ਟਿੰਡਾਂ
ਇਹਨਾ ਸਭਨਾ ਤਾਂ ਰੁੜ ਹੀ ਜਾਣਾ ਸੀ tubewell ਦੀ ਧਾਰ ਵਿਚ
ਮੈਨੂੰ ਕੋਈ ਹੈਰਾਨੀ ਨਹੀ,
ਹੈਰਾਨੀ ਤਾ ਇਹ ਹੈ ਕੇ
ਅੰਮੀ ਤੇ ਅੱਬਾ ਵੀ ਨਹੀ ਰਹੇ
ਬੀਜੀ ਤੇ ਭਾਪਾ ਜੀ ਵੀ ਤੁਰ ਗਏ
ਦਦੇਸਾਂ , ਫ਼ਫੇਸਾਂ ਮਮੇਸਾਂ ਨਨੇਸਾਂ ਦੀ ਤਾਂ ਗੱਲ ਈ ਨਾ ਕਰੋ,
ਹੋਰ ਕਿੰਨੇ ਰਿਸ਼ਤੇ ਇਕੱਲੇ uncle ਤੇ aunti ਨੇ ਕਰ ਦਿੱਤੇ ਹਾਲੋਂ ਬੇਹਾਲ
ਤੇ ਕਲ ਕਹਿ ਰਿਹਾ ਸੀ ਪੰਜਾਬ ਦੇ ਵਿਹੜੇ ਇਕ ਛੋਟਾ ਜਿਹਾ ਬਾਲ
ਪਾਪਾ ਆਪਣੇ ਟ੍ਰੀ ਦੇ ਸਾਰੇ leaves ਕਰ ਰਹੇ ਨੇ fall ,
ਹਾਂ ਪੁੱਤਰ ਆਪਣੇ ਟ੍ਰੀ ਦੇ ਸਾਰੇ leaves ਕਰ ਰਹੇ ਨੇ fall ,
ਮਰ ਰਹੀ ਹੈ ਆਪਣੀ ਭਾਸ਼ਾ ਪੱਤਾ ਪੱਤਾ ਸ਼ਬਦ ਸ਼ਬਦ

ਚੰਨ-ਮੁੱਖ ਹਾਂ

ਚੰਨ-ਮੁੱਖ ਹਾਂ, ਸੀਨੇ ਲਾ, ਸਿਮਟਣ ਵੀ ਦੇ,
ਚਾਨਣੀਂ ਹਾਂ ਦੂਰ ਤੱਕ ਬਿਖਰਨ ਵੀ ਦੇ..||

ਪਕੜ ਰੱਖ ਜੋ ਉੱਗ ਸਕਾਂ ਤੇ ਖਿੜ ਸਕਾਂ,
ਮੁਕਤ ਵੀ ਕਰ, ਮਹਿਕ ਨੂੰ ਫੈਲਣ ਵੀ ਦੇ..||

ਤਪਿਸ਼ ਬਿਨ੍ਹ, ਸ਼ਿੱਦਤ ਬਿਨ੍ਹ ਕੀ ਬਰਸਣਾਂ,
ਮੈਨੂੰ ਕੁਝ ਗਰਜਣ ਵੀ ਦੇ, ਲਿਸ਼ਕਣ ਵੀ ਦੇ..||

ਨੀਰ, ਅੰਬਰ, ਪੌਣ ਤੋਂ ਨਿਖੜਣ ਵੀ ਦੇ,
ਛੱਡ ਜ਼ਰਾ ਮੈਨੂੰ ਤੂੰ ਕੁਝ ਸੋਚਣ ਵੀ ਦੇ..||