Sunday 4 March 2012

ਉਮਰ ਦੇ ਸੁੰਨੇ ਹੋਣਗੇ ਰਸਤੇ ,

ਉਮਰ ਦੇ ਸੁੰਨੇ ਹੋਣਗੇ ਰਸਤੇ ,
ਰਿਸ਼ਤਿਆਂ ਦਾ ਸਿਆਲ ਹੋਵੇਗਾ |
ਕੋਈ ਕਵਿਤਾ ਦੀ ਸਤਰ ਹੋਵੇਗੀ ,
ਜੇ ਨ ਕੋਈ ਹੋਰ ਨਾਲ ਹੋਵੇਗਾ |

ਉਮਰ ਦੀ ਰਾਤ ਅੱਧੀਓਂ ਬੀਤ ਗਈ ,
ਦਿਲ ਦਾ ਦਰਵਾਜ਼ਾ ਕਿਸ ਨੇ ਖੜਕਾਇਆ |
ਕੌਣ ਹੋਣਾ ਹੈ ਯਾਰ ਇਸ ਵੇਲੇ ,
ਐਵੇਂ ਤੇਰਾ ਖ਼ਿਆਲ ਹੋਵੇਗਾ |

ਖੌਫ ਦਿਲ ਵਿਚ ਹੈ ਛਾ ਰਿਹਾ ਏਦਾਂ ,
ਜਾਪਦਾ ਉਹ ਵੀ ਸ਼ਾਮ ਆਵੇਗੀ |
ਜਦ ਅਸਾਂ ਮੁਨਕਰਾਂ ਦੀਆਂ ਤਲੀਆਂ ,
ਤੇ ਚਿਰਾਗਾਂ ਦਾ ਥਾਲ ਹੋਵੇਗਾ |

ਜ਼ੱਰਾ ਜ਼ੱਰਾ ਜੋ ਆਤਮਾ ਤੇ ਕਿਰੇ ,
ਨਾਲ ਦੀ ਨਾਲ ਇਸ ਨੂੰ ਸਾਂਭੀ ਚਲ |
ਵਰਨਾ ਮਿੱਟੀ ਅਤੁੱਲਵੀਂ ਹੇਠੋਂ ,
ਤੈਥੋਂ ਸਿਰ ਨਾ ਉਠਾਲ ਹੋਵੇਗਾ |

ਸਭ ਦੀ ਹੀ ਛਾਂ ਹੈ ਆਪਣੇ ਜੋਗੀ ,
ਰੁੱਖ ਵੀ ਹੋਏ ਬੰਦਿਆਂ ਵਰਗੇ |
ਕੀ ਪਤਾ ਸੀ ਕਿ ਲੰਮੇ ਸਾਇਆਂ ਦਾ ,
ਇਹ ਦੁਪਿਹਰਾਂ ਨੂੰ ਹਾਲ ਹੋਵੇਗਾ |

ਸ਼ਾਮ ਹੋ ਸਕਦੀ ਹੈ ਕਿਸੇ ਪਲ ਵੀ ,
ਮੈਨੂੰ ਹਰ ਪਲ ਇਹ ਯਾਦ ਰਹਿੰਦਾ ਹੈ |
ਮੈਨੁੰ ਤੂੰ ਅਚਨਚੇਤ ਮਾਰੇਂਗਾ ,
ਐਵੇਂ ਤੇਰਾ ਖ਼ਿਆਲ ਹੋਵੇਗਾ |

ਨਾ ਸਹੀ ਇਨਕਲਾਬ ਨਾ ਹੀ ਸਹੀ ,
ਸਭ ਗ਼ਮਾਂ ਦਾ ਇਲਾਜ ਨਾ ਹੀ ਸਹੀ |
ਪਰ ਕੋਈ ਹਲ ਜਨਾਬ ਕੋਈ ਜਵਾਬ ,
ਕਿ ਸਦਾ ਹੀ ਸਵਾਲ ਹੋਵੇਗਾ |

No comments:

Post a Comment