Wednesday 7 March 2012

ਹਜ਼ਾਰਾਂ ਪਰਿੰਦੇ

ਹਜ਼ਾਰਾਂ ਪਰਿੰਦੇ
ਮੇਰੇ ਮਨ 'ਚ ਕੈਦੀ
ਸੁਣਾਂ ਰਾਤ ਦਿਨ ਮੈਂ
ਇਹ ਦਿੰਦੇ ਦੁਹਾਈ:

ਰਿਹਾਈ
ਰਿਹਾਈ...

ਅਸੀਂ ਭਾਵੇਂ ਜਾ ਕੇ
ਕਿਤੇ ਵਿੰਨ੍ਹ ਹੋਈਏ
ਵਗਣ ਸਾਡੀ ਕਾਇਆ 'ਚੋਂ
ਰੱਤ ਦੇ ਫੁਹਾਰੇ

ਅਸੀਂ ਭਾਵੇਂ ਜਾ ਕੇ
ਕਿਤੇ ਝੁਲਸ ਜਾਈਏ
ਜਲਣ ਸਾਡੇ ਖੰਭਾਂ ਦੇ
ਸਿਲਕੀ ਕਿਨਾਰੇ

ਤੂੰ ਬੱਸ ਜਾਣ ਦੇ ਹੁਣ
ਕਿਤੇ ਵੀ ਅਸਾਨੂੰ
ਤੇਰੀ ਕੈਦ ਨਾਲੋਂ
ਤਾਂ ਚੰਗੇ ਨੇ ਸਾਨੂੰ
ਸ਼ਿਕਾਰੀ ਅਤੇ ਮਾਸਖ਼ੋਰੇ ਕਸਾਈ

ਉਦੋਂ ਬਿਰਖ ਸੀ ਤੂੰ
ਜਦੋਂ ਉਤਰੇ ਸਾਂ
ਅਸੀਂ ਡਾਲੀਆਂ 'ਤੇ
ਉਦੋਂ ਤੂੰ ਕਿਹਾ ਸੀ:
ਉਡੋ ਅਰਸ਼ ਅੰਦਰ
ਜਦੋਂ ਥੱਕ ਜਾਓ
ਮੇਰੇ ਕੋਲ ਆਓ
ਜਦੋਂ ਅੱਕ ਜਾਓ
ਤਾਂ ਫਿਰ ਪੰਖ ਤੋਲੋ
ਹਵਾਵਾਂ 'ਚ ਖੰਭਾਂ ਨਾਂ ਖ਼ਤ ਲਿਖਦੇ ਜਾਓ

ਤੂੰ ਸਾਡੇ ਸਦਾ ਲਈ
ਉਡਣ ਕੋਲੋਂ ਡਰਦਾ
ਤੇ ਪੱਤਿਆਂ ਦੇ ਸੁੱਕਣ
ਝੜਨ ਕੋਲੋਂ ਡਰਦਾ
ਤੂੰ ਹੁਣ ਬਿਰਖ ਤੋਂ
ਪਿੰਜਰਾ ਹੋ ਗਿਆ ਏਂ

ਤੇ ਰੁੱਤਾਂ ਦੇ ਆਵਣ ਤੇ ਜਾਵਣ ਤੋਂ ਡਰਦਾ
ਤੂੰ ਆਪਣੇ ਹੀ ਮਨ ਦੇ ਦੁਆਰੇ 'ਤੇ ਜੜ੍ਹਿਆ
ਕਿਸੇ ਖ਼ੋਫ਼ ਦਾ ਜਿੰਦਰਾ ਹੋ ਗਿਆ ਏਂ

ਅਸੀਂ ਸ਼ਬਦ ਤੇਰੇ
ਅਸੀਂ ਬੋਲ ਤੇਰੇ
ਅਸੀਂ ਤੇਰੇ ਅੰਦਰ
ਪਏ ਮਰ ਰਹੇ ਹਾਂ
ਵਿਦਾ ਕਰ ਅਸਾਨੂੰ
ਅਤੇ ਪਿੰਜਰੇ ਤੋਂ
ਤੂੰ ਫਿਰ ਬਿਰਖ ਹੋ ਜਾ

ਫ਼ਿਜ਼ਾਵਾਂ 'ਚ ਗੂੰਜਣ ਦੇ
ਮੁਕਤੀ ਦੇ ਨਗ਼ਮੇ
ਅਸੀਂ ਸੁੰਨੇ ਆਕਾਸ਼ ਨੂੰ ਭਰ ਦਿਆਂਗੇ
ਅਸੀਂ ਏਸ ਮਾਤਮ ਜਿਹੀ ਚੁੱਪ ਤਾਂਈਂ
ਤਰਨੁੱਮ-ਤਰਨੁੱਮ ਜਿਹੀ ਕਰ ਦਿਆਂਗੇ..

ਤੂੰ ਕਿਉਂ ਅਪਣੇ ਰਸਤੇ 'ਚ
ਆਪੇ ਖੜਾ ਹੈਂ
ਤੂੰ ਕਿਉਂ ਚਿੱਤ ਖੋਲਣ ਤੋਂ
ਇਉਂ ਡਰ ਰਿਹਾ ਹੈਂ

ਤੂੰ ਅਲਾਪ ਲੈ
ਕਿ ਵਗਣ ਫੇਰ ਨਦੀਆਂ
ਤੂੰ ਅਲਾਪ ਲੈ
ਕਿ ਵਗਣ ਫੇਰ ਹਵਾਵਾਂ

ਤੂੰ ਫਿਰ ਘੋਲ ਲੈ
ਜਾਮ ਵਿਚ ਮੌਤ ਜੀਵਨ
ਤੂੰ ਫਿਰ ਠੱਗ ਲੈ
ਓਸ ਠੱਗਾਂ ਦੇ ਠੱਗ ਨੁੰ

ਤੇ ਇਉਂ ਪਿੰਜਰੇ ਤੋਂ
ਤੂੰ ਫਿਰ ਬਿਰਖ ਹੋ ਜਾ
ਤੇ ਸ਼ਾਖਾਂ ਦੇ ਵਾਂਗੂ--ਹਵਾਵਾਂ 'ਚ ਝੁਲਦਾ
ਖ਼ੁਸ਼ੀ ਤੇ ਉਦਾਸੀ 'ਚ
ਹੋ ਜਾ ਸ਼ੁਦਾਈ

ਰਿਹਾਈ
ਰਿਹਾਈ

ਹਜ਼ਾਰਾਂ ਪਰਿੰਦੇ
ਮੇਰੇ ਮਨ 'ਚ ਕੈਦੀ
ਸੁਣਾਂ ਰਾਤ ਦਿਨ ਮੈਂ
ਇਹ ਦਿੰਦੇ ਦੁਹਾਈ:

ਰਿਹਾਈ
ਰਿਹਾਈ...

No comments:

Post a Comment