Tuesday 14 February 2012

ਜਾਰੀ ਹੈ ਸਫ਼ਰ

ਕੁਝ ਜ਼ਬਤ ਕਰੋ ਯਾਰੋ! ਇਹ ਸਦਮਾ ਵੀ ਜ਼ਰ ਦੇਖੋ,
ਨਿਰਦੋਸ਼ ਲਹੂ ਡੁੱਲ੍ਹਿਆ, ਰਖਦੈ ਕੀ ਅਸਰ ਦੇਖੋ|
ਉਹ ਦੌਰ ਮੁਹੱਬਤ ਦਾ, ਸ਼ਾਇਦ ਨਾ ਕਦੀ ਆਵੇ,
ਨਫ਼ਰਤ ਦਾ ਜ਼ਮਾਨਾ ਇਹ, ਕਿੰਜ ਹੁੰਦੈ ਬਸਰ ਦੇਖੋ|
ਕੀ ਹੁੰਦਾ ਹੈ? ਕੀ ਹੋਣੈ? ਆ ਜਾਊ ਨਜ਼ਰ ਸਭ ਕੁਝ,
ਇਸ ਦਾਗ਼ਾਂ ਭਰੇ ਦਿਲ ਦੀ, ਤਸਵੀਰ ਮਗਰ ਦੇਖੋ|
ਦਹਿਸ਼ਤ ਦਾ ਜਾਂ ਵਹਿਸ਼ਤ ਦਾ, ਹੋਇਆ ਹੈ ਅਸਰ ਸ਼ਾਇਦ,
ਹਰ ਦਿਲ ਹੈ ਲਹੂ ਰੋਂਦਾ, ਹਰ ਅੱਖ ਹੈ ਤਰ ਦੇਖੋ|
ਘੱਲਿਆ ਤਾਂ ਹੈ ਕਾਸਿਦ ਮੈਂ, ਕੁਝ ਕਰਕੇ ਖਬਰ ਆਵੇ,
ਕਿਸ ਯਾਰ ਦੀ ਮਤਕਲ ’ਚੋਂ ਆਉਂਦੀ ਹੈ ਖਬਰ ਦੇਖੋ|
ਜਦ ਵਧਦਾ ਹਨੇਰਾ ਹੈ, ਤਾਂ ਹੁੰਦੀ ਹੈ ਗਹਿਰ ਸੁਣਿਐ,
ਅੰਤਾ ਦਾ ਹਨੇਰੈ ਹੈ, ਕਦ ਹੋ ਊ ਸਹਿਰ ਦੇਖੋ|
ਕਿੰਨਾ ਕੁ ਲਹੂ ਪੀ ਕੇ ਅੱਗ ਉਸਦੀ ਬੁੱਝੀ ਯਾਰੋ,
ਬਰਸਾਉਂਦੀ ਹੋਈ ਸ਼ੁਅਲੇ ਕਾਤਿਲ ਦੀ ਨਜ਼ਰ ਦੇਖੋ|
ਕੱਲ ਮੇਲੇ ਜਹੀ ਰੌਣਕ ਸੀ ਜਿਸਦੇ ਬਾਜ਼ਾਰਾਂ ਵਿੱਚ,
ਅੱਜ ਸੁੰਨ ਮਸਾਨ ਜਿਹਾ ਬਣਿਐ ਇਹ ਨਗਰ ਦੇਖੋ|
ਸ਼ੀਸ਼ੇ ’ਚ ਤਰੇੜ ਪਈ, ਮਿਟਦੀ ਤਾਂ ਨਹੀਂ ਦੇਖੀ,
ਕੋਸ਼ਿਸ਼ ’ਚ ਨੇ ਸ਼ੀਸ਼ਾਗਰ, ਫ਼ਨ ਇਹਨਾ ਦਾ ਪਰ ਦੇਖੋ|
ਪੁੱਟਣਾ ਹੀ ਜੇ ਚਾਹੁਂਦੇ ਹੋ, ਆਦਮ ਖਾਣਾ ਰੱਖ ਇਹ,
ਜੜ ਕਿੰਨੀ ਕੁ ਡੂੰਘੀ ਹੈ, ਅੰਦਾਜ਼ਾਂ ਤਾਂ ਕਰ ਦੇਖੋ|
ਮੰਜ਼ਿਲ ਹੈ ਕਦੋਂ ਮਿਲਣੀ ਇਹ ਖੁਦਾ ਹੀ ਜਾਣੇ "ਦੀਪਕ",
ਸੰਘਰਸ਼ ਤਾਂ ਚੱਲਦਾ ਹੈ, ਜਾਰੀ ਹੈ ਸਫ਼ਰ ਦੇਖੋ|

ਮਿਰੇ ਦਿਲ ਤੇ ਤੂੰ ਕਿਓਂ ਖੰਜਰ ਚਲਾਓਨੈਂ?

ਮਿਰੇ ਦਿਲ ਤੇ ਤੂੰ ਕਿਓਂ ਖੰਜਰ ਚਲਾਓਨੈਂ?
ਨਹੱਕਾ ਖ਼ੂਨ ਕਿਓਂ ਮੇਰਾ ਬਹਾਓਨੈਂ?
ਸ਼ਰੀਕਾਂ ਦੇ ਘਰੀਂ ਚਾਨਣ੍ਹ ਬਿਖੇਰੇਂ
ਹਨੇਰਾ ਮੇਰੇ ਵਹਿੜੇ ਵਿਚ ਵਿਛਓਨੈਂ
ਮੈਂ ਤੈਨੂੰ ਪੁਛ੍ਛਦਾ ਹਾਂ ਹੁਸਨ ਵਾਲੇ!
ਅਜੇ ਕਿੰਨਾ ਕੁ ਚਿਰ ਮੈਨੂੰ ਸਤਾਉਨੈਂ
ਮੈਂ ਤੇਰਾ ਹਰ ਇਸ਼ਾਰਾ ਜਾਣਦਾ ਹਾਂ
ਤਿਰੇ ਆਖੇ ਤੋ ਫ਼ਿਰ ਭੀ ਫ਼ੁੱਲ ਚੜਾਉਨੈਂ

ਮਿਰੇ ਵੱਲ ਕਿਓਂ ਨਜ਼ਰ ਰੱਖਦੈਂ ਤੂੰ ਟੇਢੀ?
ਭਲਾ ਮੈਂ ਤੇਰਾ ਯਾਰ ਕੀ ਗਵਾਉਨੈਂ?
ਬਿਨਾ ਬੋਲੇ ਸਮਝਦੈਂ ਬਾਤ ਸਭ ਦੀ
ਜੇ ਮੈਂ ਬੋਲਾਂ ਬੁਰਾ ਓਸ ਦਾ ਮਨਓਨੈਂ
ਤੂੰ ਕਈਆਂ ਨੂੰ ਫ਼ਿਰੇ ਅਵਾਜ਼ ਦਿੰਦਾ
ਝਿੜਕ ਦਿਨੈਂ ਜਦ ਮੈਂ ਤੈਨੂੰ ਬੁਲਾਉਨੈਂ
ਮੈਂ ਜਦ ਰੋਵਾਂ ਉਦੋਂ ਤੂੰ ਮੁਸੁਕਰਾਵੇਂ
ਮੈਂ ਮੁਸੁਕਰਾਵਾਂ ਮੇਰਾ ਮੂੰਹ ਚਿੜਾਓਨੈਂ
ਖਿਆਲ ਏਨਾ ਤਾਂ ਦਿਲ ਦਾ ਕਰ ਲਿਆ ਕਰ
ਸਫ਼ਰ ਏਸ ਉਮਰ ਦਾ ਮੈਂ ਵੀ ਮੁਕਾਓਨੈਂ
ਬਹੁਤ ਕੀਤੀ ਤੂੰ ਮੇਰੀ ਅਜ਼ਮਾਇਸ਼
ਨਾ ਜਾਣੇਂ ਹੋਰ ਕਿੰਨਾ ਅਜ਼ਮਾਓਨੈਂ?
ਨਾ ਇਸ "ਦੀਪਕ" ਤੋਂ ਹੋਇਆ ਇਹ ਘਰ ਰੌਸ਼ਨ
ਤਿਰੇ ਜਲਵੇ ਨੇ ਇਹ ਘਰ ਜਗਮਗਓਨੈਂ

ਹੋ ਗਈ ਭੁੱਲ ਕਰ ਲਿਆ ਵਾਅਦਾ

ਹੋ ਗਈ ਭੁੱਲ ਕਰ ਲਿਆ ਵਾਅਦਾ
ਲਾਜ ਰੱਖੇਂਗਾ ਤੂੰ ਹੀ ਦਿਲਦਾਰਾ
ਟੁੱਟ ਜਾਵੇ ਭਰੋਸਾ ਨਾ ਮੇਰਾ
ਮੈਨੂੰ ਹੋਣਾਂ ਪਵੇ ਨਾ ਸ਼ਰਮਿੰਦਾ
ਤੇਰੀ ਰਹਿਮਤ ਦਾ ਹੈ ਬੜਾ ਚਰਚਾ
ਮੇਰੀ ਵਾਰੀ ਕਰੀਂ ਨਾ ਦਿਲ ਸੌੜਾ
ਮੈਂ ਹਾਂ ਟਾਪੂ ’ਚ ਗਿਰਦ ਹੈ ਸਾਗਰ
ਕੋਈ ਕਸ਼ਤੀ ਹੈ ਨਾ ਕੋਈ ਰਸਤਾ
ਤੇਰੀ ਮਰਜ਼ੀ ਹੈ ਜਿਦਾਂ ਮਰਜ਼ੀ ਕਰ
ਤੇਰੇ ਹੁੰਦਿਆਂ ਕਰਾਂ ਮੈਂ ਕਿਓਂ ਚਿੰਤਾ?
ਪਰਦੇ ਕੱਜੇ ਨੇ ਤੂੰ ਅਨੇਕਾਂ ਦੇ
ਦੋਸਤ! ਮੇਰਾ ਵੀ ਰੱਖ ਲੈ ਤੂੰ ਪਰਦਾ
ਦੇਰ ਲਾਈ ਤਾਂ ਨ੍ਹੇਰ ਪੈ ਜਾਊ
ਦੇਰ ਕਿਓਂ ਲਾਓਣੈਂ ਸੋਹਣਿਆਂ! ਆਜਾ!!
ਅੱਗੇ ਸੌ ਬਾਰ ਅਜ਼ਮਾਇਆ ਮੈਂ
ਹਰ ਦਫ਼ਾ ਉੱਤਰਿਆਂ ਹੈਂ ਪੂਰਾ
ਕੱਤਾਅ:
ਇਸ ਦਫ਼ਾ ਕਰ ਗਿਓਂ ਜੇ ਅਣਗਹਿਲੀ
ਮੈਨੂੰ ਕਰਨੈਂ ਸ਼ਰੀਕਾਂ ਨੇ ਰੁਸਵਾ
ਆ ਕੇ ਮੈਨੂੰ ਉਡੀਕ ਹੈ ਤੇਰੀ
ਤੇਰਾ ਰਸਤਾ ਮੈਨੂੰ ਵੇਖਦਾ ਹੈ ਬੈਠਾ
ਤੇਰੇ "ਦੀਪਕ" ਦੀ ਲੋਅ ਨਾ ਬੁਝ ਜਾਵੇ
ਫ਼ੈਲ ਜਾਵੇ ਨਾ ਬਸਤੀ ਵਿੱਚ ਨ੍ਹੇਰਾ

ਮੁੱਦਤਾਂ ਬਾਦ

ਮੁੱਦਤਾਂ ਬਾਦ ਪੈਦਾ ਦਿਲ ਵਿੱਚ ਸ਼ਊਰ ਹੋਇਐ
ਮੈਂ ਤੇ ਮਿਰੇ ਦਾ ਚੱਕਰ ; ਇਸ ਦਿਲ ’ਚੋਂ ਦੂਰ ਹੋਇਐ
ਦੁਨੀਆਂ ਦੇ ਉਲਝਣਾਂ ਵਿੱਚ ਐਵੇਂ ਪਏ ਹਾਂ ਉਲਝੇ
ਅਹਿਸਾਸ ਜਿੰਦਗੀ ਨੂੰ ਏਨਾ ਜ਼ਰੂਰ ਹੋਇਐ
ਇਹ ਜ਼ਿੰਦਗੀ ਹੈ ਕੀ ਸ਼ੈਅ? ਕੀ ਉਸ ਦੀ ਹੈ ਹਕੀਕਤ??
ਮੁਸ਼ਿਕਲ ਨਾਲ ਕਿੱਧਰੇ! ਇਹ ਵਹਿਮ ਦੂਰ ਹੋਇਐ
ਬਿਨ ਪੀਤਿਆਂ ਹੀ ਮਸਤੀ ਰਹਿੰਦੀ ਹੈ ਹਰ ਘੜੀ ਹੁਣ
ਬਦਬਖ਼ਤ ਦਿਲ ’ਚ ਪੈਦਾ; ਐਸਾ ਸਰੂਰ ਹੋਇਆ
ਨਾ ਰੰਜ ਹੈ- ਨਾ ਗਮ ਹੈ- ਨਾ ਫ਼ਿਕਰ ਨਾ ਝੋਰਾ
ਉਹ ਖ਼ਾਹਿਸ਼ਾਂ ਦਾ ਪਰਬਤ; ਹੁਣ ਚੂਰ-ਚੂਰ ਹੋਇਐ
ਤਸਵੀਰ ਯਾਰ ਦੀ ਹੀ ਹਰ ਸ਼ੈਅ ’ਚੋਂ ਲਿਸ਼ਕਦੀ ਏ
ਯਾ ਰੱਬ! ਨਜ਼ਰ ’ਚ ਪੈਦਾ; ਕਿੱਦਾਂ ਦਾ ਨੂਰ ਹੋਇਐ?
ਦਿਲ ਇਸ ਤਰ੍ਹਾਂ ਹੈ ਟੁੱਟਿਆ; ਟੁੱਟਦਾ ਜਿਵੇਂ ਹੈ ਤਾਰਾ
ਟੁੱਟਣ ਤੋਂ ਬਾਅਦ ਚਾਨਾਣ੍ਹ; ਕਿਓਂ ਦੂਰ ਦੂਰ ਹੋਇਐ
ਕਿੰਨੇ ਹੁਸੀਨ ਮੰਜ਼ਰ ਪਲ ਵਿੱਚ ਬਦਲ ਗਏ ਹਨ!
ਐ ਹੁਸਨ! ਫ਼ੇਰ ਤੈਨੂੰ; ਕਾਹਦਾ ਗਰੂਰ ਹੋਇਐ
ਇੱਕ ਝਟਕਾ ਵੱਜਿਆ- ਐਸਾ ਟੁੱਟਿਆ ਤਕੱਬਰ!
ਜਿਓਂ ਸ਼ੀਸ਼ਾ ਫ਼ਰਸ਼ ਤੇ ਡਿੱਗਦੇ ਹੀ ਚੂਰ ਹੋਇਐ
ਉਹ ਰਿਸ਼ਤਿਆਂ ਦੇ ਸੰਗਲ ਸਭ ਤਾਰ ਤਾਰ ਹੋਏ
ਕੱਲ ਸੀ ਜੋ ਨੇੜ੍ਹੇ ਨੇੜ੍ਹੇ; ਅੱਜ ਦੂਰ ਦੂਰ ਹੋਇਐ
ਇੱਕ ਹੁਕਮਰਾਨਾ ਆਦਤ ਮੁੱਦਤਾਂ ਰਹੀ ਹੈ ਜਿਸਦੀ!
ਐ ਹੁਸਨ! ਓਹੀ "ਦੀਪਕ" ਤੇਰਾ ਮਜੂਰ ਹੋਇਐ....

ਵਿਗੜਣੋਂ ਝਗੜਣੋਂ ਉਲਝਣੋਂ ਰਿਹਾ

ਵਿਗੜਣੋਂ ਝਗੜਣੋਂ ਉਲਝਣੋਂ ਰਿਹਾ
ਮੈਂ ਗੁਸਤਾਖ ਹੋਵਾਂ? ਇਹ ਹੋਣੋ ਰਿਹਾ
ਨਾ ਕਰ ਮਿਹਰ ਮੇਰੇ ਤੇ ਦੁਸ਼ਮਣ ਮਿਰੇ
ਤਿਰੀ ਮਿਹਰ ਬਾਝੋਂ ਮੈਂ ਮਰਣੋਂ ਰਿਹਾ
ਨਹੀਂ ਮੈਨੂੰ ਜ਼ਰਦਾਰ ਸਕਦਾ ਖਰੀਦ!
ਮੈਂ ਲਾਲਚ ਦੇ ਚੱਕਰਾਂ ’ਚ ਫ਼ਸਣੋਂ ਰਿਹਾ
ਜੋ ਪੀ ਕੇ ਸੰਭਲਦੈ; ਓਹ ਮੈਅਕਸ਼ ਨਹੀਂ
ਮੈਂ ਮੈਅਕਸ਼ ਹਾਂ ! ਪੀ ਕੇ ਸੰਭਲਣੋਂ ਰਿਹਾ
ਕਸਮ ਹੈ; ਜੇ ਜ਼ਾਲਿਮ ਤੂੰ ਛੱਡੇ ਕਸਰ
ਤਿਰੇ ਜ਼ੁਲਮ ਅੱਗੇ ਮੈਂ ਝੁਕਣੋਂ ਰਿਹਾ
ਮੁਖਲਿਫ਼ ਨੇ ਹਲਾਤ? ਕੋਈ ਗਮ ਨਹੀਂ
ਕਦਮ ਮੇਰਾ ਮੁਸ਼ਿਕਲ ’ਚ ਰੁਕਣੋਂ ਰਿਹਾ
ਜਵਨੀ ’ਚ ਇਹ ਦਿਲ ਮਚਲਿਆ ਨਹੀਂ
ਬੁਢਾਪੇ ’ਚ ਇਹ ਦਿਲ ਮਚਲਣੋਂ ਰਿਹਾ
ਓਹ ਬੁਜ਼ਦਿਲ ਹੈ! ਜ਼ਾਬਰ ਤੋਂ ਡਰਦਾ ਹੈ ਜੋ
ਮੈਂ ਜ਼ਾਬਰ ਤੋਂ ਡਰਣੋਂ! ਝਿਜਕਣੋਂ!! ਰਿਹਾ
ਹੈ ਸ਼ਾਇਸਤਗੀ ਓਸ ਸ਼ਾਇਰ ’ਚ ਖਾਕ?
ਜੋ ਸੂਫ਼ੀ ਰਿਹਾ ਪਰ ਬਕਣੋਂ ਰਿਹਾ!
ਤੁਸੀਂ ਆਪਣੀ ਮਰਜ਼ੀ ਦੇ ਮੁਖਤਾਰ ਹੋ
ਮੈਂ ਸਰਕਾਰ ਥੋਨੂੰ ਵਰਜਣੋਂ ਰਿਹਾ!
ਹੈ ਤੂਫ਼ਾਨ ਜ਼ੋਰਾਂ ਤੇ ਅੱਜ ਕੱਲ੍ਹ ਬਹੁਤ
ਇਹ "ਦੀਪਕ" ਮਗਰ ਫ਼ਿਰ ਭੀ ਬੁਝਣੋਂ ਰਿਹਾ!

ਦਿਲ ਇੱਕ ਹੈ ਅਰਮਾਨ ਬਹੁਤ ਨੇ

ਦਿਲ ਇੱਕ ਹੈ ਅਰਮਾਨ ਬਹੁਤ ਨੇ
ਕੁਝ ਜਜ਼ਬੇ ਬਲਵਾਨ ਬਹੁਤ ਨੇ

ਇਸ਼ਕ ਦੇ ਪੈਂਡੇ ਮੁਸ਼ਕਿਲ ਮੁਸ਼ਕਿਲ
ਵੇਖਣ ਵਿੱਚ ਅਸਾਨ ਬਹੁਤ ਨੇ

ਲੱਭਦਾ ਹੈ ਇਨਸਾਨ ਕਿਤੇ ਹੀ
ਦੁਨੀਆ ਵਿੱਚ ਹੈਵਾਨ ਬਹੁਤ ਨੇ

ਮੋਮਿਨ ਬੇ-ਈਮਾਨ ਬੜੇ ਹਨ
ਕਾਫ਼ਿਰ ਬਾ-ਈਮਾਨ ਬਹੁਤ ਨੇ

ਖੁਸ਼ ਹੋ ਕੇ ਸਿਰ ਕਟਵਾਓਂਦੇ ਹਨ
ਦਿਲ ਵਾਲੇ ਨਦਾਨ ਬਹੁਤ ਨੇ

"ਸਰਮਦ" ਜਾਂ "ਮਨਸੂਰ" ਹੈ ਕੋਈ
ਸ਼ਾਹ ਬਹੁਤ, ਸੁਲਤਾਨ ਬਹੁਤ ਨੇ

ਯਾਦਾਂ- ਜ਼ਖਮ- ਦਾਗ ਕੁਰਲਾਟ੍ਹਾਂ
ਇਸ ਦਿਲ ਵਿੱਚ ਮਹਿਮਾਨ ਬਹੁਤ ਨੇ

ਤਿਰਸ਼ੂਲਾਂ - ਸੰਗੀਨਾਂ -ਰਫ਼ਲਾਂ
ਪੂਜਾ ਦੇ ਸਮਾਨ ਬਹੁਤ ਨੇ

"ਦੀਪਕ" ਵਰਗੇ ਨਿਰਧਨ ਜੱਗ ਵਿੱਚ
"ਫ਼ਨ" ਕਰਕੇ ਧਨਵਾਨ ਬਹੁਤ ਨੇ

ਐ ਦਿਲ ! ਖੁਸ਼ੀ ਮਨਾ ਤੂੰ ,

ਐ ਦਿਲ ! ਖੁਸ਼ੀ ਮਨਾ ਤੂੰ , ਹੋਣੀ ਤਾਂ ਟਲ ਗਈ ਹੈ
ਗੁੰਝਲ ਉਨ੍ਹਾਂ ਦੇ ਦਿਲ ਦੀ , ਆਖਿਰ ਨਿਕਲ ਗਈ ਹੈ

ਜਿਸ ਦਿਨ ਤੋਂ ਹੈ ਬਦਲਿਆ , ਉਸ ਸ਼ੋਖ਼ ਦਾ ਵਤੀਰਾ
ਉਸ ਦਿਨ ਤੋਂ ਯਾਰ ਆਪਣੀ , ਕਿਸਮਤ ਬਦਲ ਗਈ ਹੈ

ਜਿਸ ਥਾਂ ਮੈਂ ਜਾ ਕੇ ਬੈਠਾ , ਉਹ ਥਾਂ ਹੈ ਮਹਿਕ ਉੱਠਦੀ
ਸਾਹਾਂ ‘ਚ ਖਬਰੈ ਖ਼ੁਸ਼ਬੂ , ਜ਼ੁਲਫ਼ਾਂ ਦੀ ਰਲ ਗਈ ਹੈ

ਆਪਣੀਂ ਨਜ਼ਰ ਦਾ ਤੁਹਫ਼ਾ , ਬਖ਼ਸ਼ੋ ਹਜ਼ੂਰ ਸਾਨੂੰ !!
ਐਵੇਂ ਜ਼ਰਾ ਤਬੀਅਤ , ਆਪਣੀ ਮਚਲ ਗਈ ਹੈ

ਮੈਨੂੰ ਖ਼ਬਰ ਨਹੀਂ ਕੁਝ , ਦੱਸੀਂ ਦਿਲਾ ਤੂੰ ਸੱਚ -ਸੱਚ !
ਸੁਣਿਐਂ ਮੇਰੀ ਤਬੀਅਤ , ਕੁਝ - ਕੁਝ ਸੰਭਲ ਗਈ ਹੈ

ਐ ਇਸ਼ਕ ! ਅੱਗ ਤੇਰੀ , ਐਨੀ ਸੀ ਤੇਜ਼ ਅੜਿਆ !
ਦਿਲ ਦੀ ਹੁਸੀਨ ਦੁਨੀਆਂ , ਪਲ ਭਰ ‘ਚ ਜਲ ਗਈ ਹੈ

ਵਸਲਾਂ ਦੀ ਰਾਤ ਐਦਾਂ , ਦਿਨ ਚੜ੍ਹਣ ਤੀਕ ਹੋਇਆ
ਜਿੱਦਾਂ ਕਿ ਰਾਤ ਹਾਲੇ , ਦੋ-ਚਾਰ ਪਲ ਪਈ ਹੈ

ਓਸੇ ਤਰ੍ਹਾਂ ਅਜੇ ਹਨ , ਜਜ਼ਬੇ ਜਵਾਨ “ਦੀਪਕ” !
ਆਫ਼ਤ ਕੀ ਆ ਗਈ ਹੈ , ਜੇ ਉਮਰ ਢਲ ਗਈ ਹੈ

Monday 13 February 2012

ਸਾਰੀ ਉਮਰ ਗੁਜ਼ਾਰ ਆਇਆ|

ਮਿਟੀ ਖ਼ਲਿਸ਼ ਨਾ ਨਮਾਵੇਂ ਦਿਲ ਦੀ; ਕਿਸੇ ਤਰ੍ਹਾਂ ਨਾ ਕਰਾਰ ਆਇਆ,
ਉਨ੍ਹਾ ਦੇ ਬਿਲਕੁਲ ਕਰੀਬ ਰਹਿ ਕੇ ਮੈਂ ਸਾਰੀ ਉਮਰ ਗੁਜ਼ਾਰ ਆਇਆ|
ਹੁਸੀਨ ਕਿੰਨਾ ਸੀ ਓਹ ਨਜ਼ਾਰਾ, ਕਿਵੇਂ ਕਰਾਂ ਮੈਂ ਬਿਆਨ ਯਾਰੋ,
ਜਦੋਂ ਓਹ ਆਇਆ ਖ਼ਿਲਾਰ ਜੁਲਫ਼ਾ; ਮਿਰੀ ਨਜ਼ਰ ਵਿੱਚ ਖੁਮਾਰ ਆਇਆ|
ਹਯਾ ਦੇ ਪਰਦੇ ’ਚ ਬੇ-ਹਯਾਈ ਮਿਰੀ ਨਜ਼ਰ ਤੋਂ ਨਾ ਦੇਖ ਹੋਈ,
ਲੁਟਾ ਕੇ ਅੱਖਾਂ ਦੀ ਰੌਸ਼ਨੀ ਮੈਂ; ਵਫ਼ਾ ਦਾ ਕਰਜ਼ਾ ਉਤਾਰ ਆਇਆ|
ਮੈਂ ਪਾਕ ਦਾਮਨ ਹਾਂ; ਅੱਜ ਤੱਕ ਭੀ! ਮਗਰ ਹੈ ਨਾਪਾਕ ਦੁਨਿਆ ਤੇਰੀ,
ਤੇਰੇ ਹੀ ਬੰਦਿਆਂ ਤੋਂ ਜ਼ਖਮ ਖਾ ਕੇ ਮੈਂ ਲੱਖਾਂ ਪੀੜਾਂ ਸਹਾਰ ਆਇਆ|
ਅਸੀਂ ਤਾਂ ਸਿੰਜਿਆ ਸੀ ਖੂਨ ਪਾ ਪਾ ਕਿ ਇਸ ਚਮਨ ਵਿੱਚ ਬਹਾਰ ਖੇਡੇ,
ਮਗਰ ਨਾ ਆਈ ਬਹਾਰ ਅੱਜ ਤੱਕ ਨਾ ਫ਼ੁਲਾਂ ਉੱਤੇ ਨਿਖਾਰ ਆਇਆ|
ਸ਼ਰਾਬ ਪੀ ਕੇ ਵੀ ਕੀ ਕਰਾਂਗੇ? ਬਿਫ਼ਰਿਆ ਫ਼ਿਰਦੈ ਜਦੋਂ ਇਹ ਸਾਕੀ,
ਨਾ ਇਸ ਦੇ ਦਿਲ ਵਿੱਚ ਜਗੀ ਮੁਹੱਬਤ; ਨਾ ਇਸਦੇ ਨੈਣ੍ਹਾਂ ਵਿੱਚ ਪਿਆਰ ਆਇਆ|
ਬੁਝੇ ਅਨੇਕਾ ਘਰਾਂ ਦੇ ਦੀਵੇ; ਸੜ੍ਹੇ ਅਨੇਕਾਂ ਦੇ ਪਾਕ ਦਾਮਨ,
ਅਸੀਂ ਹਾਂ ਕਿਸ ਥਾਂ ਤੋਂ ਰਾਹ ਭੁੱਲੇ? ਕਿਸੇ ਨੂੰ ਇਹ ਨਾ ਵਿਚਾਰ ਆਇਆ|
ਨਸਹੀਤਾਂ ਮੈਨੂੰ ਕਰਨ ਵਾਲੇ! ਤੂੰ ਆਪਣੀ ਬੁੱਕਲ ਵਿੱਚ ਝਾਕ ਤਾਂ ਲੈ,
ਕਿ, ਕੀ ਵਜ੍ਹਾ ਹੈ? ਮਿਰੇ ਗਰਾਂ ਵਿੱਚ ਹਨੇਰ ਉੱਠਿਆ; ਗੁਬਾਰ ਆਇਆ|
ਕੋਈ ਹੈ ਤਿਰਸ਼ੂਲ ਚੁੱਕੀ ਫ਼ਿਰਦਾ; ਹੈ ਕੋਈ ਤੁਰਦਾ ਛੁਰਾ ਲਕ੍ਹੋ ਕੇ,
ਬੜੇ ਮਹੱਜ਼ਬ ਨੇ ਲੋਕ ਅੱਜਕੱਲ੍ਹ ; ਜੋ ਆਇਆ ਹਊਮੈ ਸਵਾਰ ਆਇਆ|
ਸੁਣੀ ਨਾ ਮੁਰਲੀ ਦੀ ਤਾਨ ਕਿੱਧਰੇ ; ਕਿਸੇ ਨਗਰ ਨਾ ਰਬਾਬ ਗੂੰਜੀ,
ਨਾ ਆਇਆ ਵੰਝਲੀ ਵਜਾਓਂਦਾ ਕੋਈ; ਨਾ ਹੀ ਵਜਾਓਂਦਾ ਸਿਤਾਰ ਆਇਆ|
ਚਲਨ ’ਚ ਆਈ ਨਹੀਂ ਗਿਰਵਾਟ; ਨਾ ਉਮਰ ਭਰ ਉੱਚੀ ਅੱਖ ਉੱਠੀ,
ਪਤਾ ਨਹੀਂ ਫ਼ਿਰ ਭੀ ਕਿਓਂ ਐ "ਦੀਪਕ" ਤਿਰਾ ਬਦਾਂ ਵਿੱਚ ਸ਼ੁਮਾਰ ਆਇਆ|




ਇਹ ਦਿਲ ਹੀ ਜਾਣਦੈ

ਇਹ ਦਿਲ ਹੀ ਜਾਣਦੈ ਦਿਲ ਤੇ ਜੋ ਯਾਰ ਗੁਜ਼ਰੀ ਹੈ,
ਖ਼ਜ਼ਾਂ ਤੋਂ ਸੌ ਗੁਣਾ ਭੈੜੀ ਬਹਾਰ ਗੁਜ਼ਰੀ ਹੈ|
ਹਵਾ ’ਚ ਸੇਕ ਅਜੇ ਹੈ ਕਿ ਸੜ ਗਿਐ ਲੂੰ ਲੂੰ,
ਹਵਾ ਹਰੇਕ ਬਦਨ ਹੀ ਦੇ ਪਾਰ ਗੁਜ਼ਰੀ ਹੈ|
ਫ਼ਲਕ ਤੋਂ ਸ਼ੁਅਲੇ ਝੜੇ- ਅੱਗ ਇਹ ਜ਼ਮੀਨ ਉਗਲੇ,
ਨਸੀਮ ਹੋ ਕੇ ਬਹੁਤ ਸ਼ਰਮਸ਼ਾਰ ਗੁਜ਼ਰੀ ਹੈ|
ਬਹਾਰ ਵਿੱਚ ਤਾਂ ਚਹਿਕਣਾ ਸੀ ਪੰਛੀਆਂ ਏਥੇ,
ਮਗਰ ਕਿਉਂ ਚੀਖਦੀ ਉਹਨਾਂ ਦੀ ਡਾਰ ਗੁਜਰੀ ਹੈ|
ਚਮਨ ’ਚ ਦੇਖੋ ਲਹੂ ਕਿਵੇਂ ਥਾਂ-ਬ-ਥਾਂ ਕਿਵੇ ਡੁੱਲਿਐ,
ਇਹ ਬਾਤ ਦਿਲ ਨੂੰ ਬਹੁਤ ਨਾ-ਗਵਾਰ ਗੁਜ਼ਰੀ ਹੈ|
ਉਹ ਬੱਦਲੀ ਜਿਸ ਨੇ ਕਿ; ਸਿੰਜਣਾ ਸੀ ਮੇਰਾ ਇਹ ਗੁਲਸ਼ਨ,
ਉਹ ਬੱਦਲੀ ਬਰਸੇ ਬਿਨਾ ਬੇ-ਕਰਾਰ ਗੁਜ਼ਰੀ ਹੈ|
ਸਿਤਮਗਰਾਂ ਨੇ ਉਠਾਇਆ ਅਜੇਹਾ ਹੈ ਤੂਫ਼ਾਨ,
ਪੁਰੇ ਦੀ ਵਾ ਭੀ ਤਾਂ! ਬਣਕੇ ਗ਼ੁਬਾਰ ਗੁਜ਼ਰੀ ਹੈ|
ਕਰਾਂ ਕੀ ਜ਼ਿਕਰ ਮੈਂ ਹੋਣੀ ਦਾ ਚੰਦਰੀ ਇਹ ਹੋਣੀ,
ਜੋ ਗੁੰਚਿਆ ਤੇ ਵੀ ਅੱਜ ਵਾਰ ਵਾਰ ਗੁਜ਼ਰੀ ਹੈ|
ਇਹ ਮਿਰਾ ਹੌਂਸਲਾ ਹੈ ਫ਼ਿਰ ਭੀ ਮੈਂ ਅਡੋਲ ਰਿਹਾ,
ਮਿਰੇ ਹੀ ਸਿਰ ਤੇ ਮੁਸੀਬਤ ਹਜ਼ਾਰ ਗੁਜ਼ਰੀ ਹੈ|
ਨਹੀਂ ਹੈ ਪੰਛੀਆਂ ਦਾ ਦੋਸ਼; ਹੈ ਇਹ ਮਾਲੀ ਦਾ,
ਤਬਾਹੀ ਕਹਿਕਹੇ ਲਾਉਂਦੀ ਹਜ਼ਾਰ ਗੁਜ਼ਰੀ ਹੈ|
ਚਮਨ ’ਚ ਅਮਨ ਰਹੇ- ਨਾਂ ਸਕੂੰ ਰਹੇ "ਦੀਪਕ",
ਅਦੂ ਦੀ ਸੋਚ ਤਦੇ ਬੇ-ਮੁਹਾਰ ਗੁਜ਼ਰੀ ਹੈ|




ਜ਼ਖਮ ਹਨ ਦਿਲ ਤੇ ਬਹੁਤ

ਜ਼ਖਮ ਹਨ ਦਿਲ ਤੇ ਬਹੁਤ, ਜ਼ਖਮਾਂ ’ਚ ਗਹਿਰਾਈ ਬਹੁਤ,
ਇਸ਼ਕ ਨੇ ਇਕ ਉਮਰ ਮੇਰੀ ਜਾਨ ਤੜਪਾਈ ਬਹੁਤ|
ਹਾਦਿਸੇ ਮੇਰੇ ਕਦਮ ਹਰਗਿਜ਼ ਨਹੀਂ ਅਟਕਾ ਸਕੇ,
ਤੇਜ਼ ਤਰ ਹੋ ਕੇ ਹਨੇਰੀ ਅੱਗੋਂ ਟਕਰਾਈ ਬਹੁਤ|
ਅੱਤ ਮੁਸ਼ਕਿਲ ਵਿੱਚ ਵੀ ਮੇਰਾ ਹੋਂਸਲਾ ਟੁੱਟਿਆ ਨਹੀਂ,
ਵਕਤ ਦੇ ਚੱਕਰ ਨੇ ਕੀਤੀ ਜ਼ੋਰ ਅਜ਼ਮਾਇਸ਼ ਬਹੁਤ|
ਕੀ ਕਰਾਂ ਮੇਰੇ ਸੁਭਾਅ ਵਿੱਚ ਮਸਲਹਤ ਆਈ ਨਹੀਂ,
ਮਸਲਹਤ ਦੀ ਬਾਤ ਮੈਨੂੰ , ਯਾਰਾਂ ਸਮਝਾਈ ਬਹੁਤ|
ਨਾ ਉਲਝ ਸਕਿਆ ਕਿਸੇ ਉਲਝਨ ’ਚ ਇਹ ਦਰਵੇਸ਼ ਦਿਲ,
ਰੇਸ਼ਮੀ ਜ਼ੁਲਫ਼ਾਂ ਨੇ ਮੇਰੀ, ਰੂਹ ਉਲਝਾਈ ਬਹੁਤ|
ਨੰਗੇ ਪੈਰੀਂ ਭੀ ਰਿਹਾ ਪਰ ਸਿਰ ਰਿਹੈ ਮੇਰਾ ਬੁਲੰਦ,
ਮੇਰੀ ਇਸ ਦੀਵਨਗੀ ਤੇ ਦੁਨੀਆ ਮੁਸਕਾਈ ਬਹੁਤ|
ਹਿਜਰ ਵਿੱਚ ਭੀ ਮੇਰੀ ਅਖੀਂ ਅਥੱਰੂ ਆਏ ਨਹੀਂ|
ਮੈਨੂੰ ਤੜਪਾਉਂਦੀ ਰਹੀ ਹੈ, ਚਾਹੇ ਤਨਹਾਈ ਬਹੁਤ|
ਐ ਜਨੂੰ ਤੇਰੇ ਸਹਾਰੇ, ਜ਼ਿੰਦਗੀ ਬੀਤੀ ਕਮਾਲ,
ਅਕਲ ਬੇਸ਼ਕ ਖੁਸ਼ਨੁਮਾ ਚੀਜ਼ਾਂ ਤੇ ਲਲਚਾਈ ਬਹੁਤ|
ਬਾਂਸ ਬੰਨ ਕੇ ਬੌਨਿਆਂ ਨੇ ਕੱਦ ਉੱਚੇ ਕਰ ਲਏ,
ਪਰ ਅਸੀਂ ਨੀਂਵੇ ਰਹਿਣ ਵਿੱਚ ਸਮਝੀ ਦਾਨਾਈ ਬਹੁਤ|
ਸ਼ੁਕਰੀਆ ਦੀਵਨਗੀ ਤੂੰ ਰੱਖਿਆ ਮੈਨੂੰ ਦਿਲੇਰ,
ਬਿਜਲੀਆਂ ਦੇ ਸ਼ੋਰ ਤੋਂ ਇਹ ਜਾਨ ਘਬਰਾਈ ਬਹੁਤ|
ਤੂੰ ਪ੍ਰਸਤਿਸ਼ ਦੇ ਹੈਂ ਕਾਬਿਲ ਠੀਕ ਹੈ "ਦੀਪਕ" ਇਹ ਬਾਤ,
ਤੇਰੀ ਲੋਅ ਨੇ ਜ਼ਿੰਦਗੀ ਕਵੀਆਂ ਦੀ ਰੁਸ਼ਨਾਈ ਬਹੁਤ|





ਅੱਖ|

ਦਿਲ ਦਾ ਸ਼ੀਸ਼ਾ ਤਾਂ ਕਹੀ ਜਾਂਦੀ ਏ ਅੱਖ,
ਦਿਲ ’ਚ ਜੋ ਹੁੰਦੈ ਓਹੀ ਦਰਸਾਂਦੀ ਏ ਅੱਖ|
ਦਿਲ ਜੇ ਮੁਸਕਾਵੇ ਤਾਂ ਮੁਸਕਾਂਦੀ ਏ ਅੱਖ,
ਦਿਲ ਜੇ ਘਬਰਾਓਂਦੈ ਤਾਂ ਘਬਰਾਓਂਦੀ ਏ ਅੱਖ|
ਦਿਲ ਜਦੋਂ ਰੋਂਦੈ ਤਾਂ ਕੁਰਲਾਉਂਦੀ ਏ ਅੱਖ,
ਦਿਲ ਜੇ ਭਰ ਆਉਂਦਾ ਤਾਂ ਭਰ ਆਉਂਦੀ ਏ ਅੱਖ|
ਅਕਲ ਮੰਦਾ ਨੇ ਕਿਹੈ ਕਿ ਇਸ਼ਕ ਵਿੱਚ,
ਤਾਂ ਹੀ ਦਿਲ ਮਿਲਦੈ ਜੇ ਮਿਲ ਜਾਂਦੀ ਏ ਅੱਖ|
ਦਿਲ ਦਾ ਸਚ ਦੱਸ ਦਿੰਦੀ ਹੈ ਅੱਖ ਦੀ ਚਮਕ,
ਦਿਲ ’ਚ ਹੋਵੇ ਚੋਰ ਸ਼ਰਮਾਂਦੀ ਏ ਅੱਖ|
ਦਿਲ ਜਦੋਂ ਅਹਿਸਾਨ ਮੰਨਦੈ ਯਾਰ ਦਾ,
ਉਦੋਂ ਆਪਣੇ ਆਪ ਝੁਕ ਜਾਂਦੀ ਏ ਅੱਖ|
ਦਿਲ ਦੀ ਵਹਿਸ਼ਤ ਦਾ ਹੈ ਅੱਖ ਦਿੰਦੀ ਸਬੂਤ,
ਪਿਆਰ ਦਿਲ ਦਾ ਵੀ ਤਾਂ ਸਮਝਾਂਦੀ ਏ ਅੱਖ|
ਦਿਲ ’ਚ ਜਦ ਗੁੱਸੇ ਦਾ ਹੈ ਭਾਂਭੜ ਮੱਚਦੈ,
ਉਸ ਵੇਲੇ ਕਹਿਰ ਬਰਸਾਂਦੀ ਏ ਅੱਖ|
ਦਿਲ ਜਦੋਂ ਹੁੰਦਾ ਕਿਧਰੇ ਬੇ ਲਿਹਾਜ਼,
ਸਾਹਮਣੇਂ ਤੱਕਣੋਂ ਵੀ ਕਤਰਾਓਂਦੀ ਏ ਅੱਖ|
ਲੈ ਕੇ ਦਿਲ ਜਦ ਦੂਰ ਰੁਤ ਜਾਂਦਾ ਏ ਯਾਰ,
ਉਸ ਦੇ ਪਿੱਛੇ ਦੂਰ ਤਕ ਜਾਂਦੀ ਏ ਅੱਖ|
ਜ਼ਬਤ ਹੈ ਦਿਲ ਵਿੱਚ ਤਾਂ ਅੱਖ ਉਠਦੀ ਨਹੀਂ,
ਦਿਲ ਜੇ ਲਲਚਾਓਂਦੈ ਤਾ ਲਲਚਾਂਦੀ ਏ ਅੱਖ|
ਦਿਲ ਦੀ ਗੱਲ ਨਾ ਕਹਿ ਸਕੇ ਜਿ~ਥੇ ਜ਼ੁਬਾਨ,
ਦਿਲ ਦੀ ਗੱਲ ਫ਼ੇਰ ਉੱਥੇ ਸਮਝਾਂਦੀ ਏ ਅੱਖ|
ਮੁਫ਼ਤ ਵਿੱਚ ਬਦਨਾਮ ਹੋ ਜਾਂਦਾ ਹੈ ਦਿਲ,
ਹਰ ਪੁਆੜਾ ਅਸਲ ਵਿੱਚ ਪਾਂਦੀ ਏ ਅੱਖ|
ਦਿਲ ਦੇ ਵਿੱਚ ਕੁਹਰਾਮ ਮੱਚ ਉਠਦਾ ਹੈ ਯਾਰ,
ਦਿਲ ’ਚ ਉੱਤਰ ਕੇ ਜਾ ਤੜਪਾਂਦੀ ਏ ਅੱਖ|
ਦਿਲ ਦੀ ਕੀ ਤਕਾਤ ਹੈ ਇਸ ਤੋਂ ਬਚ ਸਕੇ,
ਇੱਕ ਇਸ਼ਾਰੇ ਨਾਲ ਤੜਪਾਂਦੀ ਏ ਅੱਖ|
ਝੱਟ ਪਿਘਲ ਜਾਂਦਾ ਹੈ ਪੱਥਰ ਦਿਲ ਵੀ ਦੋਸਤ,
ਅਥੱਰੂ ਜਿਸ ਵਕਤ ਛਲਕਾਂਦੀ ਏ ਅੱਖ|
ਦਿਲ ਖੁੱਸ਼ੀ ਮਹਿਸੂਸਦਾ ਹੈ ਬੇ-ਸ਼ੁਮਾਰ,
ਜਦ ਕਰਮ ਦਿਲਬਰ ਦੇ ਫ਼ਰਮਾਂਦੀ ਏ ਅੱਖ|
ਦਿਲ ਨੂੰ ਜਦ ਚੜਦੀ ਹੈ ਮਸਤੀ ਇਸ਼ਕ ਦੀ,
ਫ਼ੇਰ ਬਿਨ ਪੀਤੇ ਹੀ ਨਸ਼ਿਆਂਦੀ ਏ ਅੱਖ|
ਦਿਲ ਤਾਂ ਹੈ ਮੁਹ੍ਤਾਜ "ਦੀਪਕ" ਅੱਖ ਦਾ,
ਮੁਰਦਾ ਦਿਲ ’ਚ ਜਾਨ ਪਾ ਜਾਂਦੀ ਏ ਅੱਖ|




ਇਹ ਹੱਕ ਦਿਲ ਵਾਲਿਆਂ ਦਾ ਬਣਦੈ

ਇਹ ਹੱਕ ਦਿਲ ਵਾਲਿਆਂ ਦਾ ਬਣਦੈ, ਓਹ ਕਰਨ ਚਰਚੇ ਗ਼ਜ਼ਲ ਬਾਰੇ|
ਇਹ ਅਕਲ ਵਾਲੇ ਕਿਓਂ ਛੇੜਦੇ ਹਨ, ਫ਼ਿਜੂਲ ਕਿੱਸੇ ਗ਼ਜ਼ਲ ਦੇ ਬਾਰੇ |
ਗ਼ਜ਼ਲ ਦੇ ਬਾਰੇ ਜੋ ਜਹਿਰ ਉਗਲਣ, ਓਹਨਾ ਦੀ ਖਿਦਮਤ ’ਚ ਅਰਜ਼ ਇਹ ਹੈ |
ਓਹ ਮੇਰੀ ਸੰਗਤ ’ਚ ਆਕੇ ਬੈਠਣ, ਮੈਂ ਦੱਸਾਂ ਨੁਕਤੇ ਗ਼ਜ਼ਲ ਦੇ ਬਾਰੇ|
ਗ਼ਜ਼ਲ ਅਦਬ ਦੇ ਬਗੀਚੇ ਅੰਦਰ, ਉਸੇ ਅਦਾ ਨਾਲ ਤੁਰ ਰਹੀ ਹੈ,
ਗ਼ਜ਼ਲ ਦੇ ਦੁਸ਼ਮਣ ਗੋ ਛੱਡਦੇ ਹਨ, ਅਜੀਬ ਸ਼ੋਸ਼ੇ ਗ਼ਜ਼ਲ ਦੇ ਬਾਰੇ|
ਓਹ ਇਸ਼ਕ ਵਾਲਾ ਹੀ ਜਾਣ ਸਕਦੈ, ਗ਼ਜ਼ਲ ਦੇ ਵਿੱਚ ਕੀ ਕੀ ਖੂਬੀਆਂ ਹਨ?
ਗ਼ਰੂਰ ਹੈ ਜਿਸਨੂੰ ਇਲਮ ਉੱਤੇ, ਓਹ ਖ਼ਾਕ ਸਮਝੇ ਗ਼ਜ਼ਲ ਦੇ ਬਾਰੇ|
ਸਿਆਸੀ ਨੁਕਤਾ ਨਜ਼ਰ ਦੇ ਲੋਕੋ! ਗ਼ਜ਼ਲ ਦਾ ਹੁਲੀਆ ਨਾ ਐਂ ਬਿਗਾੜੋ,
ਗਲਤ ਨੇ ਜਿਹੜੇ ਤੁਸੀਂ ਮਿੱਥੇ ਹਨ, ਸਿਆਸੀ ਟੀਚੇ ਗ਼ਜ਼ਲ ਦੇ ਬਾਰੇ|
ਨਵੀਨਤਾ ਜਿਸਨੂੰ ਆਖਦੇ ਹੋ, ਅਨਾੜੀਪਣ ਹੈ ਮਿਰੇ ਅਜ਼ੀਜ਼ੋ|
ਗ਼ਜ਼ਲ ਨੂੰ ਬੇਰੰਗ ਕਰ ਰਹੇ ਹਨ, ਨਵੇਂ ਸਲੀਕੇ ਗ਼ਜ਼ਲ ਦੇ ਬਾਰੇ|
ਗ਼ਜ਼ਲ ਹੈ ਨਾਜ਼ੁਕ ਜਹੀ ਹੁਸੀਨਾ, ਗ਼ਜ਼ਲ ਤੇ ਲੱਦੋ ਨਾ ਭਾਰੀ ਭੂਸ਼ਨ|
ਬੁਝਰਤਾਂ ਨਾ ਗ਼ਜ਼ਲ ਚ ਪਾਓ, ਵਿਚਾਰੋ ਸਾਰੇ ਗ਼ਜ਼ਲ ਦੇ ਬਾਰੇ|
ਕੋਈ ਤਾਂ ਦੱਸੋ ਕੇ ਕਿੱਥੇ ਲਿਖਿਐ, ਗ਼ਜ਼ਲ ਦ ਮਜ਼ਮੂਨ ਖੁਸ਼ਕ ਹੋਨਾ,
ਕਰਮ ਕਰੋ ਨਾ ਪਾਓ, ਨਵੇਂ ਭੁਲੇਖੇ ਗ਼ਜ਼ਲ ਦੇ ਬਾਰੇ |
ਜੋ ਇਸ਼ਕ ਦੀ ਰਮਜ਼ ਹੀ ਨਾ ਸਮਝਣ, ਜੋ ਹੁਸੀਨ ਦੀ ਨਾਜ਼ੁਕੀ ਨਾ ਜਾਨਣ,
ਅਸੀਂ ਨਹੀਂ ਮੰਨ ਸਕਦੇ ਐ ਦਿਲ, ਓਹਨਾ ਦੇ ਦਾਅਵੇ ਗ਼ਜ਼ਲ ਦੇ ਬਾਰੇ|
ਅਸੀਂ ਜ਼ਰਾ ਸੰਗਠਿਤ ਨਹੀਂ ਹਾਂ, ਨਹੀਂ ਤਾਂ ਐ ਸ਼ੇਖ! ਦਸਦੇ ਤੈਨੂੰ,
ਜੋ ਬੇ-ਵਜਾ ਹੀ ਬਣਾਏ ਹਨ ਤੂੰ, ਬੁਰੇ ਇਰਾਦੇ ਗ਼ਜ਼ਲ ਦੇ ਬਾਰੇ|
ਜਿਨ੍ਹਾਂ ਨੂੰ ਹੈ ਹੁਸਨ ਤੋਂ ਹੀ ਨਫ਼ਰਤ, ਓਹਨਾ ਨੂੰ ਕੀ ਆਖਣਾ ਐ " ਦੀਪਕ",
ਸ਼ੁਰੂ ਤੋਂ ਹੀ ਪੁੱਠਾ ਸੋਚਦੇ ਹਨ, ਅਜਿਹੇ ਦੂਦੇ ਗ਼ਜ਼ਲ ਦੇ ਬਾਰੇ |




ਹੁਸਨ ਤੇ ਦਅਵਾ ਬੁਰਾ ਨਹੀਂ |

ਇੱਲਤ ਬੁਰੀ ਹੈ ਇਸ਼ਕ ਦਾ ਜਜ਼ਬਾ ਬੁਰਾ ਨਹੀਂ |
ਮਾੜੀ ਬੁਰੀ ਨਜ਼ਰ ਹੈ ਪਰ ਜ਼ਲਵਾ ਬੁਰਾ ਨਹੀਂ |

ਮਹਿਸੂਸੀ-ਆਤ ਦਿਲ ਦੀ ਐਂ ; ਐਪਰ ਜਹਾਨ ਵਿੱਚ,
ਕੋਈ ਭੀ-ਕੁਝ ਭੀ ਕੱਖ-ਭੀ ;ਅੱਛਾ ਬੁਰਾ ਨਹੀਂ |

ਦਿਲ ਦਾ ਸੁਭਾਅ ਹੈ ਦਿਲ 'ਚ ਹੈ ਇਕ ਕੁਦਰਤੀ ਕਸ਼ਿਸ਼,
ਕਬਜ਼ਾ ਬੁਰਾ ਹੈ ਹੁਸਨ ਤੇ ਦਅਵਾ ਬੁਰਾ ਨਹੀਂ |

ਨੁਕਤਾ ਉਠਾਇਆ ਬਜ਼ਮ ਵਿੱਚ ਉਸਨੇ ਕਮਾਲ,
ਨੁਕਤਾ ਭੀ ਇਕ ਦਲੀਲ ਹੈ ਨੁਕਤਾ ਬੁਰਾ ਨਹੀਂ |

ਹਾਸਾ ਕਿਸੇ ਦੇ ਹਾਲ ਤੇ ਆਉਣਾ ਬਹੁਤ ਬੁਰੈ,
ਆਵੇ ਜੋ ਆਪਣੇ ਆਪ ਤੇ ਹਾਸਾ ਬੁਰਾ ਨਹੀਂ |

ਜਿਹੜਾ ਕਿਸੇ ਦਾ ਵੀ ਬੁਰਾ ਕਰਦਾ ਨਹੀਂ ਕਦੇ,
ਉਸ ਦਾ ਭੀ ਇਸ ਜਹਾਨ ਵਿਚ ਹੁੰਦਾ ਬੁਰਾ ਨਹੀਂ |

ਤੈਥੋਂ ਬੁਰਾ ਜੇ ਹੋ ਗਿਐ ; ਤੌਬਾ ਜ਼ਰੂਰ ਕਰ !
ਤੌਬਾ ਤੋਂ ਬਾਅਦ ਆਦਮੀ ਰਹਿੰਦਾ ਬੁਰਾ ਨਹੀਂ |

ਵਾਅਦਾ ਨਾ ਤੋੜ ਚਾੜ੍ਣਾਂ ਇਹ ਹੈ ਬਹੁਤ ਬੁਰਾ,
ਪਰ ਸਰਸਰੀ ਜੇ ਵੇਖੀਏ ਵਾਅਦਾ ਬੁਰਾ ਨਹੀਂ |

'ਦੀਪਕ' ਦੇ ਬਾਰੇ ਪੁੱਛਿਐ ? ਤਾਂ ਕਹਾਂਗਾ ਸਾਫ,
ਸ਼ਾਇਰ ਬੁਰਾ ਜ਼ਰੂਰ ਹੈ ; ਬੰਦਾ ਬੁਰਾ ਨਹੀਂ |

ਇਸ਼ਕ ਵਾਲੇ ਇਸ਼ਕ ਫ਼ਰਮਾਓਂਦੇ ਨੇ ਹਸਦੇ-ਖੇਡਦੇ

ਇਸ਼ਕ ਵਾਲੇ ਇਸ਼ਕ ਫ਼ਰਮਾਓਂਦੇ ਨੇ ਹਸਦੇ-ਖੇਡਦੇ
ਜਾਨ ਤਕ ਤੋਂ ਭੀ ਗੁਜ਼ਰ ਜਾਂਦੇ ਨੇ ਹਸਦੇ-ਖੇਡਦੇ

ਠੀਕ ਹੈ ਮਤਕਲ ਦਾ ਨਕਸ਼ ਦਿਲ ਹਿਲਾਊ ਹੈ ਬੜਾ
ਜਾਣ ਵਾਲੇ ਫ਼ੇਰ ਭੀ ਜਾਂਦੇ ਨੇ ਹੱਸਦੇ-ਖੇਡਦੇ

ਐ ਸਮੇਂ ਦੇ ਗੇੜ ! ਕੁਝ ਮੇਰੇ ਜਿਹੇ ਕੱਲੇ ਭੀ ਹਨ
ਜੋ ਤਿਰੇ ਸਾਹਵੇਂ ਵੀ ਡਟ ਜਾਂਦੇ ਨੇ ਹਸਦੇ-ਖੇਡਦੇ

ਬਾਗ਼ ਸੜਦੈ ; ਤਾਂ ਅਜਿਹੇ ਪੰਛੀ ਭੀ ਹੁੰਦੇ ਹਨ ਕੁਝ
ਖੰਭ ਹੁੰਦਿਆ ਭੀ ਜੋ ਸੜ ਜਾਂਦੇ ਨੇ ਹਸਦੇ-ਖੇਡਦੇ

ਤੂੰ ਕਿਨਾਰੇ ਤੇ ਖੜਾ ਰੋਨੈ ਦਿਲਾ ! ਪਰ ਕੁਝ ਦਲੇਰ
ਚੀਰ ਦੇ ਦਰਿਆ ਨੂੰ ਓਹ ਜਾਂਦੇ ਨੇ ਹਸਦੇ-ਖੇਡਦੇ

ਬਦਤਮੀਜ਼ੀ ਦੇਖ ਕੇ ਸਾਕੀ ਦੀ; ਬਾ-ਗੈਰਤ ਪਿਆਕ!
ਜਾਮ ਆਪਣਾ ਛੱਡ ਦੇਂਦੇ ਨੇ ਹਸਦੇ-ਖੇਡਦੇ

ਕਿੰਨੇ ਖੁੱਸ਼੍ਕਿਸਮਤ ਨੇ "ਦੀਪਕ"! ਜਹਿੜੇ ਇਸ ਮਹਿਫ਼ਿਲ ਦੇ ਵਿੱਚ
ਰੋਂਦਿਆਂ ਆਓਂਦੇ ਨੇ; ਪਰ ਜਾਂਦੇ ਨੇ ਹਸਦੇ-ਖੇਡਦੇ

ਓਹਨਾ ਦੇ ਵਾਅਦੇ ਤਾਂ ਲੱਗਦੇ ਸੀ ਲਾਰਿਆਂ ਦੀ ਤਰ੍ਹਾਂ

ਓਹਨਾ ਦੇ ਵਾਅਦੇ ਤਾਂ ਲੱਗਦੇ ਸੀ ਲਾਰਿਆਂ ਦੀ ਤਰ੍ਹਾਂ
ਯਕੀਨ ਕਰਨਾ ਪਿਆ ਸਾਨੂੰ ਵੀ ਸਾਰਿਆਂ ਦੀ ਤਰ੍ਹਾਂ

ਜਿਨ੍ਹਾ ਨੇ ਦਿਲ ਦੇ ਲਹੂ ਨਾਲ ਸਿੰਜਿਆ ਸੀ ਚਮਨ
ਚਮਨ ’ਚ ਫ਼ਿਰਨ ਓਹੀ ਬੇ-ਸਹਾਰਿਆਂ ਦੀ ਤਰ੍ਹਾਂ

ਚਮਨ ’ਚ ਦੋਸਤੋ! ਚੱਲੀ ਹੈ ਕਿਸ ਤਰ੍ਹਾਂ ਦੀ ਹਵਾ
ਦਿਖਾਈ ਦਿੰਦੇ ਨੇ ਫ਼ੁੱਲ ਭੀ ਅੰਗਾਰਿਆਂ ਦੀ ਤਰ੍ਹਾਂ

ਜਿਨ੍ਹਾ ਦੀ ਜਿੰਦਗੀ ਕਾਲੀ ਸਿਆਹ ਹੈ ਹਰ ਪੱਖ ਤੋਂ
ਓਹ ਆਸਮਾਨ ਤੇ ਚਮਕਣ ਸਿਤਾਰਿਆਂ ਦੀ ਤਰ੍ਹਾਂ

ਨਾ ਦੂਰ ਜਾਇਆ ਗਿਆ ਸਾਥੋਂ ਨਾ ਹੋ ਸਕੇ ਨੇੜੇ
ਤੜਪ ਕੇ ਰਹਿ ਗਏ ਦੋਹਾਂ ਕਿਨਾਰਿਆਂ ਦੀ ਤਰ੍ਹਾਂ

ਅਸਾਡਾ ਹੌਂਸਲਾ ਦੇਖੋ! ਗਮਾਂ ਦੇ ਝੱਖੜਾਂ ਵਿੱਚ
ਅਸੀਂ ਇਹ ਜਿੰਦਗੀ ਮਾਣੀਂ ਹੁਲਰਿਆਂ ਦੀ ਤਰ੍ਹਾਂ

ਕਦਰ-ਸ਼ਨਾਮ ਜੇ ਹੁੰਦੇ ਸਭਾ ਚ ਐ "ਦੀਪਕ"
ਅਦੀਬ ਰਹਿੰਦੇ ਕਿਵੇਂ ਗਮ ਦੇ ਮਾਰਿਆਂ ਦੀ ਤਰ੍ਹਾਂ

ਕੰਡੇ ਚਮਨ ’ਚ ਖਿੱਲਰੇ ਮੁੜ ਇੰਤਸ਼ਾਰ ਦੇ!

ਕੰਡੇ ਚਮਨ ’ਚ ਖਿੱਲਰੇ ਮੁੜ ਇੰਤਸ਼ਾਰ ਦੇ!
ਬਲਦੀ ਚਿਖ਼ਾ ’ਚ ਸੜ੍ਹ ਗਏ ਸੁਪਨੇ ਬਹਾਰ ਦੇ
ਬਦਬੂਆਂ ਨਾਲ ਭਰ ਗਈ ਇਸ ਬਾਗ਼ ਦੀ ਹਵਾ!
ਤੂੰ ਐ ਨਸੀਮ! ਬਾਗ ’ਚ ਮਹਿਕਾ ਖਿਲਾਰ ਦੇ
ਕਿਸ ਨੂੰ ਖਬਰ ਸੀ ਆਊਗੀ ਇਹ ਸਹਿਮ ਦੀ ਰੁੱਤ ਵੀ!
ਵਰਨਾ ਅਸੀਂ ਦਿਲਾਂ ’ਚ ਦਲੇਰੀ ਉਤਾਰਦੇ
ਨਫ਼ਰਤ ਦੇ ਬੀਜ; ਬੀਜ ਕੇ ਖਾਂਦੇ ਹਾਂ ਓਸਦੇ ਫ਼ਲ!
ਕਿਥੋਂ ਨਸੀਬ ਹੋਣਗੇ ਮੇਵੇ ਓਹ ਪਿਆਰ ਦੇ!!
ਰੰਗੀਨੀਆਂ ਦਾ ਲੁਤਫ਼ ਕੀ ਮਾੰਨਣਗੇ ਫ਼ਿਤਨਾਗਰ?
ਦਿਲ ਵਾਲਿਆਂ ਨੇ ਲੁਤਫ਼ ਹਨ ਮਾਣੇ ਬਹਾਰ ਦੇ
ਆਪਣਾ ਹੀ ਖੂਨ ਪੀ ਲਿਆ ਆ ਕੇ ਜੰਨੂਨ ਵਿੱਚ!
ਖੁਦ ਹੀ ਸ਼ਿਕਾਰ ਹੋ ਗਏ ਸ਼ਿਕਾਰੀ ਸ਼ਿਕਾਰ ਦੇ
ਦਿਨ ਰਾਤ ਪਾਵਾਂ ਵਾਸਤਾ ਤੈਨੂੰ ਮੈਂ ਐ ਫ਼ਲਕ!
ਤੂੰ ਫ਼ਿਰ ਦਿਲਾਂ ਚ ਇਸ਼ਕ ਦ ਜਜਬਾ ਉਚਾਰ ਦੇ
ਐ ਨਾ-ਖੁਦਾ! ਜੇ ਹੋਸ਼ ਹੈ ਤੈਨੂੰ? ਤਾਂ ਬਾਤ ਸੁਣ!
ਜਿੱਦਾਂ ਬਣੇ ਭੰਵਰ ਚੋਂ ਸਫ਼ੀਨਾ ਗੁਜ਼ਾਰ ਦੇ
ਮੱਧਮ ਜਹੀ ਹੈ ਹੋ ਗਈ "ਦੀਪਕ" ਦੀ ਲੋ ਤਾਂ ਯਾਰ!
ਪਰ ਜਗਮਗਾਏ ਦਾਗ਼; ਦਿਲੇ ਦਿਲਦਾਰ ਦੇ

ਉਸਨੂ ਗਜ਼ਲ ਨਾ ਆਖੋ!

 Sun ke maza na aawe, usnu gazal na aakho..
dil vich je khub na jaawe, usnu gazal na aakho..

khoobi gazal di eh hai dil nu chadhawe masti,
jehdi dimag nu khaawe, usnu gazal na aakho..

har sher apni apni puri kahani dasse,
adh cho jo tutt jaawe, usnu gazal na aakho..

misra ta peeche mukke khul jaan arath pehla,
uljhan de vich jo paawe, usnu gazal na aakho..

be-arath koi baat jachdi nahi gazal vich,
maina smajh na aawe, usnu gazal na aakho..

makhsoos shabad hi  kuch yaaro gazal layi han,
bahar je usto jaawe, usnu gazal na aakho..

har baat ishq de vich rangi hoyi gazal di,
jo khushkiya chadhawe, usnu gazal na aakho..

fullan de wangu wandan khushboo gazal de misre,
jis cho sadhand aawe, usnu gazal na akho..

masti sharab wargi, mutyaar warga nakhra,
nazran ch ni smaawe, usnu gazal na aakho..

sangeet di madhurta, jharne jahi rawayi,,
jekar nazar na aawe, usnu gazal na aakho..

sheran de arth uddan labbe lugaat vicho,
fir b gazal de daawe? usnu gazal na akho..

anhonia daleela, upmawa att asambhav,
ashleelta wadhawe, usnu gazal na akho..

mehfila vich thirakdi hai jida haseen naachi,
oh rang na jamawe, usnu gazal na aakho..

biraah di dard howe ja wasal di latafat,
ja ishq na jamawe usnu gazal na aakho..

mehboob naal gal, saaki nal shikwe,
manzar ni eh dikhawe, usnu gazal na aakho..

dil di zubaan hai eh da-nishwaran keha hai,
koi paheli pawe, usnu gazal na aakho..

sadhial mizaaz "deepak", degree da raub paake,
je kar katha sunawe, usnu gazal na aakho..


ਸੁਣ ਕੇ ਮਜ਼ਾ ਨਾ ਆਵੇ; ਉਸਨੂ ਗਜ਼ਲ ਨਾ ਆਖੋ!
ਦਿਲ ਵਿਚ ਜੇ ਖੁੱਭ ਨਾ ਜਾਵੇ; ਉਸਨੂੰ ਗਜ਼ਲ ਨਾ ਆਖੋ!
ਖੂਬੀ ਗਜ਼ਲ ਦੀ ਇਹ ਹੈ ਦਿਲ ਨੂੰ ਚੜਾਵੇ ਮਸਤੀ
ਜਹਿੜੀ ਦਿਮਾਗ ਨੂੰ ਖਾਵੇ; ਉਸਨੂੰ ਗਜ਼ਲ ਨਾ ਆਖੋ!
ਹਰ ਸ਼ਿਅਰ ਆਪਣੀ ਆਪਣੀ ਪੂਰੀ ਕਹਾਣੀ ਦੱਸੇ
ਅੱਧ ਚੋਂ ਜੋ ਟੁੱਟ ਜਾਵੇ: ਉਸਨੂੰ ਗਜ਼ਲ ਨਾ ਆਖੋ!
ਮਿਸਰਾ ਤਂ ਪਿੱਛੋ ਮੁੱਕੇ ਖੁੱਲ ਜਾਣ ਅਰਥ ਪਹਿਲਾਂ
ਉਲਝਨ ਦੇ ਵਿੱਚ ਜੋ ਪਾਵੇ; ਉਸਨੂੰ ਗਜ਼ਲ ਨਾ ਆਖੋ!
ਬੇ-ਅਰਥ ਕੋਈ ਬਾਤ ਜਚਦੀ ਨਹੀਂ ਗਜ਼ਲ ਵਿੱਚ
ਮਾਅਨਾ ਸਮਝ ਨਾ ਆਵੇ; ਉਸਨੂੰ ਗਜ਼ਲ ਨਾ ਆਖੋ!
ਮਖਸੂਸ ਸ਼ਬਦ ਹੀ ਕੁਝ ਯਾਰੋ ਗਜ਼ਲ ਲਈ ਹਨ
ਬਾਹਰ ਜੇ ਉਸਤੋ ਜਾਵੇ; ਉਸਨੂੰ ਗਜ਼ਲ ਨਾ ਆਖੋ!
ਹਰ ਬਾਤ ਇਸ਼ਕ ਦੇ ਵਿਚ ਰੰਗੀ ਹੋਈ ਗਜ਼ਲ ਦੀ
ਜੋ ਖੁਸ਼ਕੀਆਂ ਚੜਾਵੇ; ਉਸਨੂੰ ਗਜ਼ਲ ਨਾ ਆਖੋ!
ਫ਼ੁੱਲਾਂ ਦੇ ਵਾਂਗੂ ਵੰਡਨ ਖੁਸ਼ਬੂ ਗਜ਼ਲ ਦੇ ਮਿਸਰੇ
ਜਿਸ ਚੋਂ ਸੜਾਂਦ ਆਵੇ; ਉਸਨੂੰ ਗਜ਼ਲ ਨਾ ਆਖੋ!
ਮਸਤੀ ਸ਼ਰਾਬ ਵਰਗੀ; ਮੁਟਿਆਰ ਵਰਗਾ ਨਖਰਾ
ਨਜ਼ਰਾਂ ’ਚ ਨਾ ਸਮਾਵੇ; ਉਸਨੂੰ ਗਜ਼ਲ ਨਾ ਆਖੋ!
ਸੰਗੀਤ ਦੀ ਮਧੁਰਤਾ; ਝਰਨੇ ਜਹੀ ਰਵਾਨੀ
ਜੇਕਰ ਨਜ਼ਰ ਨਾ ਆਵੇ; ਉਸਨੂੰ ਗਜ਼ਲ ਨਾ ਆਖੋ!
ਸ਼ਿਅਰਾਂ ਦੇ ਅਰਥ ਉੱਦਾਂ ਲਭੇ ਲੁਗਾਤ ਵਿਚੋਂ
ਫ਼ਿਰ ਭੀ ਗਜ਼ਲ ਦੇ ਦਾਅਵੇ? ਉਸਨੂੰ ਗਜ਼ਲ ਨਾ ਆਖੋ!
ਅਨਹੋਣੀਆਂ ਦਲੀਲਾਂ; ਉਪਮਾਵਾਂ ਅੱਤ ਅਸੰਭਵ
ਅਸ਼ਲੀਲਤਾ ਵਧਾਵੇ; ਉਸਨੂੰ ਗਜ਼ਲ ਨਾ ਆਖੋ!
ਮਹਿਫ਼ਿਲ ਵਿੱਚ ਥਿਰਕਦੀ ਹੈ ਜਿਦਾਂ ਹੁਸੀਨ ਨਾਚੀ
ਓਹ ਰੰਗ ਨਾ ਜਮਾਵੇ; ਉਸਨੂੰ ਗਜ਼ਲ ਨਾ ਆਖੋ!
ਬਿਰਹਾ ਦਾ ਦਰਦ ਹੋਵੇ ਜਾਂ ਵਸਲ ਦੀ ਲਤਾਫ਼ਤ
ਜਾਂ ਇਸ਼ਕ ਨਾ ਜਮਾਵੇ ਉਸਨੂੰ ਗਜ਼ਲ ਨਾ ਆਖੋ!
ਮਹਿਬੂਬ ਨਾਲ ਗੱਲ; ਸਾਕੀ ਨਾਲ ਸ਼ਿਕਵੇ
ਮੰਜਰ ਨਾ ਏਹ ਦਿਖਾਵੇ; ਉਸਨੂੰ ਗਜ਼ਲ ਨਾ ਆਖੋ!
ਦਿਲ ਦੀ ਜੁਬਾਨ ਹੈ ਏਹ ਦਾ-ਨਿਸ਼ਵਰਾਂ ਕਿਹਾ ਹੈ
ਕੋਈ ਪਹੇਲੀ ਪਾਵੇ; ਉਸਨੂੰ ਗਜ਼ਲ ਨਾ ਆਖੋ!
ਸੜੀਅਲ ਮਿਜ਼ਾਜ਼ "ਦੀਪਕ"; ਡਿਗਰੀ ਦਾ ਰ੍ਹੋਬ ਪਾ ਕੇ
ਜੇ ਕਰ ਕਥਾ ਸੁਨਾਵੇ; ਉਸਨੂੰ ਗਜ਼ਲ ਨਾ ਆਖੋ!

Shayar da pehla faraz

kami dhann di rahe lekin, chalan di ni kami howe ,
oh muskrayunde ne ohna jini dil andhar nammi howe,
syaane kehnde ne har aadmi SHAYAR nahi hunda,
magar shayar da pehla, faraz hai oo aadmi howe...

ਕਮੀ ਧੰਨ ਦੀ ਰਹੇ ਲੇਕਿਨ,ਚੱਲਣ ਦੀ ਨਾ ਕਮੀ ਹੋਵੇ
ਉਹ ਮੁਸਕਰਾਉਂਦੇ ਨੇ ਉਨਾ ਜਿਨੀ ਦਿਲ ਅੰਦਰ ਨਮੀ ਹੋਵੇਂ
ਸਿਆਣੇ ਕਹਿੰਦੇ ਨੇ ਹਰ ਆਦਮੀ ਸ਼ਾਇਰ ਨਹੀਂ ਹੁੰਦਾ,
ਮਗਰ ਸ਼ਾਇਰ ਦਾ ਪਹਿਲਾ ਫ਼ਰਜ਼ ਹੈ ਉਹ ਆਦਮੀ ਹੋਵੇਂ.....


Translation in english

Lack of money , however , may lack not run
They smile, as the amount is moisture inside the heart
There is every man called wise poet ,
Poet 's first duty after he .....


 

'ਦੀਪਕ ਜੈਤੋਈ ਜੀ'