Sunday 4 March 2012

ਇਕ ਦੀ ਰਾਸ਼ੀ ਧਰਤ ਸੀ

ਇਕ ਦੀ ਰਾਸ਼ੀ ਧਰਤ ਸੀ , ਇਕ ਦੀ ਰਾਸ਼ੀ ਅਗਨ ਸੀ
ਇਕ ਉੱਗਣ ਵਿਚ ਲੀਨ ਸੀ , ਇਕ ਜਾਲਣ ਵਿਚ ਮਗਨ ਸੀ

ਇਕ ਬੰਦੇ ਦੀ ਸੋਚ ਨੇ , ਐਸਾ ਮੰਤਰ ਮਾਰਿਆ
ਅੱਗ ਤੇ ਮਿੱਟੀ ਮਿਲ ਗਏ , ਦੀਵੇ ਲਗ ਪਏ ਜਗਣ ਸੀ

ਧਾਤ ਨੂੰ ਤਾਰ ਚ ਢਾਲਿਆ , ਰੁੱਖ ਰਬਾਬ ਬਣਾ ਲਿਆ
ਇਹ ਤਾਂ ਸਭ ਤਕਨੀਕ ਸੀ , ਅਸਲੀ ਗੱਲ ਤਾਂ ਲਗਨ ਸੀ

ਅਸਲੀ ਗੱਲ ਤਾਂ ਰਾਗ ਸੀ ਜਾਂ ਸ਼ਾਇਦ ਵੈਰਾਗ ਸੀ
ਨਹੀਂ ਨਹੀਂ ਅਨੁਰਾਗ ਸੀ , ਜਿਸ ਵਿਚ ਹਰ ਸ਼ੈ ਮਗਨ ਸੀ

ਖਿੱਚਾਂ ਕੁਝ ਮਜਬੂਰੀਆਂ , ਕੁਝ ਨੇੜਾ , ਕੁਝ ਦੂਰੀਆਂ
ਧਰਤੀ ਘੁੰਮਣ ਲੱਗ ਪਈ , ਅੰਬਰ ਲੱਗ ਪਿਆ ਜਗਣ ਸੀ

ਪਹਿਲਾਂ ਦਿਲ ਵਿਚ ਖੜਕੀਆਂ , ਫਿਰ ਸਾਜ਼ਾਂ ਵਿਚ ਥਰਕੀਆਂ
ਤਾਰਾਂ ਦੇ ਸਨ ਦੋ ਸਿਰੇ , ਇਕ ਛੁਪਿਆ ਇਕ ਨਗਨ ਸੀ

ਮਨ ਤੇ ਪਰਦੇ ਪਹਿਨ ਕੇ , ਉਸ ਦੇ ਦਰ ਤੂੰ ਕਿਉਂ ਗਿਆ
ਸ਼ੀਸ਼ੇ ਵਾਂਗ ਸ਼ਫਾਫ ਜੋ ਧੁੱਪਾਂ ਵਾਂਗੂੰ ਨਗਨ ਸੀ

ਤਾਰਾਂ ਵਾਂਗ ਮਹੀਨ ਸੀ , ਇਹ ਉਸਦੀ ਤੌਹੀਨ ਸੀ
ਉਸ ਸੰਗ ਉੱਚੀ ਬੋਲਣਾ ਚੁੱਪ ਅੰਦਰ ਜੋ ਮਗਨ ਸੀ

No comments:

Post a Comment