Friday 16 March 2012

ਮੈਂ ਕਿਉਂ ਡਰਦਾ ਉਲਝਣੋਂ ਤਲਵਾਰਾਂ ਦੇ ਨਾਲ

ਮੈਂ ਕਿਉਂ ਡਰਦਾ ਉਲਝਣੋਂ ਤਲਵਾਰਾਂ ਦੇ ਨਾਲ
ਚਾਰ ਦਿਨਾਂ ਦੀ ਜਿੰਦਗੀ ਮੌਤ ਹਜਾਰਾਂ ਸਾਲ

ਕੱਢਾਂ ਏਸ ਨਰੇਲ ਚੋਂ ਮਿੱਟੀ ਦੁੱਧ ਸਵੇਰ
ਚੀਰਾਂ ਅੱਧੀ ਰਾਤ ਨੂੰ ਚੀਕ ਦੇ ਚਾਕੂ ਨਾਲ

ਖੇਡੋਗੇ ਸ਼ਤਰੰਜ ਜੇ ਮਰ ਚੁੱਕਿਆਂ ਦੇ ਨਾਲ
ਆਪ ਹੀ ਚੱਲਣੀ ਪਵੇਗੀ ਓਨਾਂ ਦੀ ਵੀ ਚਾਲ

ਦੂਜੇ ਰੋਜ ਦਹਾੜਦਾ, ਦਿਨ ਸੀ ਚਾਰ ਪਹਾੜ ਦਾ
ਰਾਤੀਂ ਤਾਰੇ ਰੁੜ ਗਏ, ਦਰਿਆਵਾਂ ਦੇ ਨਾਲ

ਪੁੰਨ ਸੀ ਖਬਰੇ ਪਾਪ ਸੀ, ਜਾਂ ਫਿਰ ਅੱਲਾ ਆਪ ਸੀ
ਘਰ ਦੀ ਸਰਦਲ ਟੱਪ ਗਈ ਦਰਿਆਵਾਂ ਦੀ ਚਾਲ

ਜੰਗਲ ਪੀਲਾ ਜਰਦ ਸੀ, ਅਸਮਾਨਾਂ ਤੇ ਗਰਦ ਸੀ
ਪੌਣਾਂ ਵਿੱਚ ਸੀ ਉਲਝਿਆ, ਸਾਹਾਂ ਦਾ ਜੰਜਾਲ

ਪਰੇਤ ਸੀ ਖਬਰੇ ਪੌਣ ਸੀ, ਭੇਤ ਨਹੀਂ ਕੁਛ ਕੌਣ ਸੀ
ਰਹਿੰਦਾ ਸੀ ਕੁਛ ਹੌਂਕਦਾ, ਰਲ ਕੇ ਸਾਹਾਂ ਨਾਲ

ਉੱਗੇ ਪੱਤੇ ਤੋੜ ਲੈ, ਗਿਣ ਗਿਣ ਕੇ ਛਿਣ ਮੋੜ ਲੈ
ਲੈ ਸਾਹਾਂ ਤੋਂ ਤੋੜ ਲੈ, ਮਹਿਕਾਂ ਦਾ ਜੰਜਾਲ

ਮੈਂ ਕਿਉਂ ਪੱਥਰ ਹੋ ਗਿਆ, ਤੂੰ ਕਿਉਂ ਪਾਣੀ ਹੀ ਰਿਹਾ
ਰਿਸ਼ਮਾਂ ਦੀ ਤਲਵਾਰ ਤੂੰ ਮੈਂ ਕਿਉਂ ਬਣ ਗਿਆ ਢਾਲ

ਜਿਸ ਦਿਨ ਮੈਂ ਮਜਲੂਮ ਸਾਂ,ਉਸ ਦਿਨ ਨਜਮ ਆਸਾਨ ਸੀ
ਹੁਣ ਕੁਝ ਮੇਰਾ ਆਖਣਾ ਹੋ ਗਿਆ ਅੱਤ ਮੁਹਾਲ

ਦਰਦ ਥਕਾਵਟ ਬੇਬਸੀ, ਰੂਹ ਦੀ ਨਾਲੇ ਜਿਸਮ ਦੀ
ਮੈਥੋਂ ਚੱਲ ਨਹੀਂ ਹੋਂਵਦਾ, ਸਭ ਕੁੱਝ ਲੈ ਕੇ ਨਾਲ

ਨਿੱਤਰਿਆ ਨਾ ਮੈਂ ਕਦੇ, ਗੰਧਲੇ ਗੰਧਲੇ ਹੀ ਰਹੇ
ਪਾਣੀ ਮੇਰੀ ਸੋਚ ਦੇ ਮੇਰਿਆਂ ਅਕਸਾਂ ਨਾਲ

ਪੈਰ ਸੀ ਉਸਦੇ ਅੱਗ ਦੇ , ਪਰ ਮੈਂ ਵਿਛਿਆ ਹੀ ਰਿਹਾ
ਚਲਦੀ ਤੱਤੀ ਪੌਣ ਸੀ ਮੋਰਨੀਆਂ ਦੀ ਚਾਲ

ਡੁਬ ਜਾਣਾ ਸੀ ਚੰਦ ਨੇ, ਛੁਪ ਜਾਣਾ ਸੀ ਤਾਰਿਆਂ
ਚੰਗੇ ਵੇਲੇ ਪਾ ਲਿਆ, ਮੈਂ ਸ਼ਬਦਾਂ ਦਾ ਜਾਲ

ਰਹਿ ਗਿਆ ਨਾਲ ਕਿਤਾਬ 'ਤੇ, ਜਾਂ ਫਿਰ ਧੱਬਾ ਨਾਮ 'ਤੇ
ਮੈਂ ਤਾਂ ਤੋੜ ਕੇ ਆ ਗਿਆ, ਪੌਣਾਂ ਦਾ ਜੰਜਾਲ

ਲੱਖ ਸਫਾ ਮੈਂ ਫੋਲਿਆ, ਕਿਤਓਂ ਵੀ ਨਾ ਲੱਭਿਆ
ਤਾਂ ਹੀ ਲਿਖਣਾ ਪੈ ਗਿਆ, ਅਪਣੇ ਜੀ ਦਾ ਹਾਲ

ਕਾਲੀ ਨੀਂਦਰ ਸੌਂ ਰਹੇ, ਖੰਜਰ ਸਨ ਬਰੜਾਂਵਦੇ
ਕਿੰਨੀ ਵਾਰੀ ਤਰਭਕ ਕੇ ਉੁਠੀ ਰੂਹ ਦੀ ਢਾਲ

ਉਸ ਦੀ ਨੀਂਦ ਚੋਂ ਚੀਰ ਕੇ, ਵਰਕਾ ਸੂਹੇ ਖਾਬ ਦਾ
ਖਤ ਲਿਖਿਆ ਅਮਿਤੋਜ ਨੂੰ, ਲਿਖਿਆ ਹੰਝੂਆਂ ਨਾਲ to be continue

No comments:

Post a Comment