Wednesday 7 March 2012

ਕਿਸ ਕਿਸ ਦਿਸ਼ਾ ਤੋਂ ਸ਼ਾਮ ਨੂੰ ਆਵਾਜ਼ਾਂ ਆਉਂਦੀਆਂ

ਕਿਸ ਕਿਸ ਦਿਸ਼ਾ ਤੋਂ ਸ਼ਾਮ ਨੂੰ ਆਵਾਜ਼ਾਂ ਆਉਂਦੀਆਂ
ਬੰਦੇ ਨੂੰ ਬਿਹਬਲ ਕਰਦੀਆਂ ਪਾਗ਼ਲ ਬਣਾਉਂਦੀਆਂ

ਫ਼ਾਨੂਸ ਨੇ,ਇਹ ਸ਼ਮਅ ਹੈ , ਅਹੁ ਜੋਤ ਹੈ,ਇਹ ਲਾਟ
ਤੇ ਦੂਰ ਕਿਧਰੇ ਮਾਵਾਂ ਨੇ ਦੀਵੇ ਜਗਾਉਂਦੀਆਂ

ਲੂਣਾ ਅਗਨ,ਸੁੰਦਰਾਂ ਨਦੀ ਤੇ ਧਰਤ ਇੱਛਰਾਂ
ਜੋਗੀ ਨੂੰ ਵਾਰ ਵਾਰ ਨੇ ਪੂਰਨ ਬਣਾਉਂਦੀਆਂ

ਦਰਬਾਰ ਏਧਰ ਯਾਰ ਓਧਰ ਜਾਨ ਅਹੁ ਈਮਾਨ
ਕਈ ਵਾਰ ਜਿੰਦਾਂ ਏਸ ਚੌਰਾਹੇ 'ਤੇ ਆਉਂਦੀਆਂ

ਬੇਚੈਨੀਆਂ,ਗ਼ਮਗੀਨੀਆਂ,ਸੋਚਾਂ ਦੀ ਕੈਦ 'ਚੋਂ
ਸ਼ਾਇਰ ਨੂੰ ਅੰਤ ਉਸਦੀਆਂ ਨਜ਼ਮਾਂ ਛੁਡਾਉਂਦੀਆਂ

ਪੱਤਿਆਂ ਦੀ ਪੈਰਾਂ ਵਿਚ ਨਾ ਜੇ ਪਾਜ਼ੇਬ ਪਾਉਂਦੀਆਂ
ਪਤਝੜ ਦਾ ਬੋਝ ਕਿਸ ਤਰ੍ਹਾਂ ਪੌਣਾਂ ਉਠਾਉਂਦੀਆਂ

ਹੁੰਦੇ ਨਾ ਪੱਤੇ ਰੁੱਖਾਂ ਦੇ ਜੇ ਕਰ ਸੁਰਾਂ ਜਿਹੇ
ਪੌਣਾਂ ਉਦਾਸ ਸਾਜ਼ ਫਿਰ ਕਿਹੜਾ ਵਜਾਉਂਦੀਆਂ

ਡੁਬਦਾ ਨਾ ਨੀਲੀ ਝੀਲ ਵਿਚ ਸੂਰਜ ਜੇ ਸੰਦਲੀ
ਤਾਂ ਸ਼ਹਿਰ ਮੇਰੇ ਸ਼ਰਬਤੀ ਸ਼ਾਮਾਂ ਨਾ ਆਉਂਦੀਆਂ |

No comments:

Post a Comment