Monday, 13 February 2012

ਇਹ ਦਿਲ ਹੀ ਜਾਣਦੈ

ਇਹ ਦਿਲ ਹੀ ਜਾਣਦੈ ਦਿਲ ਤੇ ਜੋ ਯਾਰ ਗੁਜ਼ਰੀ ਹੈ,
ਖ਼ਜ਼ਾਂ ਤੋਂ ਸੌ ਗੁਣਾ ਭੈੜੀ ਬਹਾਰ ਗੁਜ਼ਰੀ ਹੈ|
ਹਵਾ ’ਚ ਸੇਕ ਅਜੇ ਹੈ ਕਿ ਸੜ ਗਿਐ ਲੂੰ ਲੂੰ,
ਹਵਾ ਹਰੇਕ ਬਦਨ ਹੀ ਦੇ ਪਾਰ ਗੁਜ਼ਰੀ ਹੈ|
ਫ਼ਲਕ ਤੋਂ ਸ਼ੁਅਲੇ ਝੜੇ- ਅੱਗ ਇਹ ਜ਼ਮੀਨ ਉਗਲੇ,
ਨਸੀਮ ਹੋ ਕੇ ਬਹੁਤ ਸ਼ਰਮਸ਼ਾਰ ਗੁਜ਼ਰੀ ਹੈ|
ਬਹਾਰ ਵਿੱਚ ਤਾਂ ਚਹਿਕਣਾ ਸੀ ਪੰਛੀਆਂ ਏਥੇ,
ਮਗਰ ਕਿਉਂ ਚੀਖਦੀ ਉਹਨਾਂ ਦੀ ਡਾਰ ਗੁਜਰੀ ਹੈ|
ਚਮਨ ’ਚ ਦੇਖੋ ਲਹੂ ਕਿਵੇਂ ਥਾਂ-ਬ-ਥਾਂ ਕਿਵੇ ਡੁੱਲਿਐ,
ਇਹ ਬਾਤ ਦਿਲ ਨੂੰ ਬਹੁਤ ਨਾ-ਗਵਾਰ ਗੁਜ਼ਰੀ ਹੈ|
ਉਹ ਬੱਦਲੀ ਜਿਸ ਨੇ ਕਿ; ਸਿੰਜਣਾ ਸੀ ਮੇਰਾ ਇਹ ਗੁਲਸ਼ਨ,
ਉਹ ਬੱਦਲੀ ਬਰਸੇ ਬਿਨਾ ਬੇ-ਕਰਾਰ ਗੁਜ਼ਰੀ ਹੈ|
ਸਿਤਮਗਰਾਂ ਨੇ ਉਠਾਇਆ ਅਜੇਹਾ ਹੈ ਤੂਫ਼ਾਨ,
ਪੁਰੇ ਦੀ ਵਾ ਭੀ ਤਾਂ! ਬਣਕੇ ਗ਼ੁਬਾਰ ਗੁਜ਼ਰੀ ਹੈ|
ਕਰਾਂ ਕੀ ਜ਼ਿਕਰ ਮੈਂ ਹੋਣੀ ਦਾ ਚੰਦਰੀ ਇਹ ਹੋਣੀ,
ਜੋ ਗੁੰਚਿਆ ਤੇ ਵੀ ਅੱਜ ਵਾਰ ਵਾਰ ਗੁਜ਼ਰੀ ਹੈ|
ਇਹ ਮਿਰਾ ਹੌਂਸਲਾ ਹੈ ਫ਼ਿਰ ਭੀ ਮੈਂ ਅਡੋਲ ਰਿਹਾ,
ਮਿਰੇ ਹੀ ਸਿਰ ਤੇ ਮੁਸੀਬਤ ਹਜ਼ਾਰ ਗੁਜ਼ਰੀ ਹੈ|
ਨਹੀਂ ਹੈ ਪੰਛੀਆਂ ਦਾ ਦੋਸ਼; ਹੈ ਇਹ ਮਾਲੀ ਦਾ,
ਤਬਾਹੀ ਕਹਿਕਹੇ ਲਾਉਂਦੀ ਹਜ਼ਾਰ ਗੁਜ਼ਰੀ ਹੈ|
ਚਮਨ ’ਚ ਅਮਨ ਰਹੇ- ਨਾਂ ਸਕੂੰ ਰਹੇ "ਦੀਪਕ",
ਅਦੂ ਦੀ ਸੋਚ ਤਦੇ ਬੇ-ਮੁਹਾਰ ਗੁਜ਼ਰੀ ਹੈ|




No comments:

Post a Comment