Monday 13 February 2012

ਅੱਖ|

ਦਿਲ ਦਾ ਸ਼ੀਸ਼ਾ ਤਾਂ ਕਹੀ ਜਾਂਦੀ ਏ ਅੱਖ,
ਦਿਲ ’ਚ ਜੋ ਹੁੰਦੈ ਓਹੀ ਦਰਸਾਂਦੀ ਏ ਅੱਖ|
ਦਿਲ ਜੇ ਮੁਸਕਾਵੇ ਤਾਂ ਮੁਸਕਾਂਦੀ ਏ ਅੱਖ,
ਦਿਲ ਜੇ ਘਬਰਾਓਂਦੈ ਤਾਂ ਘਬਰਾਓਂਦੀ ਏ ਅੱਖ|
ਦਿਲ ਜਦੋਂ ਰੋਂਦੈ ਤਾਂ ਕੁਰਲਾਉਂਦੀ ਏ ਅੱਖ,
ਦਿਲ ਜੇ ਭਰ ਆਉਂਦਾ ਤਾਂ ਭਰ ਆਉਂਦੀ ਏ ਅੱਖ|
ਅਕਲ ਮੰਦਾ ਨੇ ਕਿਹੈ ਕਿ ਇਸ਼ਕ ਵਿੱਚ,
ਤਾਂ ਹੀ ਦਿਲ ਮਿਲਦੈ ਜੇ ਮਿਲ ਜਾਂਦੀ ਏ ਅੱਖ|
ਦਿਲ ਦਾ ਸਚ ਦੱਸ ਦਿੰਦੀ ਹੈ ਅੱਖ ਦੀ ਚਮਕ,
ਦਿਲ ’ਚ ਹੋਵੇ ਚੋਰ ਸ਼ਰਮਾਂਦੀ ਏ ਅੱਖ|
ਦਿਲ ਜਦੋਂ ਅਹਿਸਾਨ ਮੰਨਦੈ ਯਾਰ ਦਾ,
ਉਦੋਂ ਆਪਣੇ ਆਪ ਝੁਕ ਜਾਂਦੀ ਏ ਅੱਖ|
ਦਿਲ ਦੀ ਵਹਿਸ਼ਤ ਦਾ ਹੈ ਅੱਖ ਦਿੰਦੀ ਸਬੂਤ,
ਪਿਆਰ ਦਿਲ ਦਾ ਵੀ ਤਾਂ ਸਮਝਾਂਦੀ ਏ ਅੱਖ|
ਦਿਲ ’ਚ ਜਦ ਗੁੱਸੇ ਦਾ ਹੈ ਭਾਂਭੜ ਮੱਚਦੈ,
ਉਸ ਵੇਲੇ ਕਹਿਰ ਬਰਸਾਂਦੀ ਏ ਅੱਖ|
ਦਿਲ ਜਦੋਂ ਹੁੰਦਾ ਕਿਧਰੇ ਬੇ ਲਿਹਾਜ਼,
ਸਾਹਮਣੇਂ ਤੱਕਣੋਂ ਵੀ ਕਤਰਾਓਂਦੀ ਏ ਅੱਖ|
ਲੈ ਕੇ ਦਿਲ ਜਦ ਦੂਰ ਰੁਤ ਜਾਂਦਾ ਏ ਯਾਰ,
ਉਸ ਦੇ ਪਿੱਛੇ ਦੂਰ ਤਕ ਜਾਂਦੀ ਏ ਅੱਖ|
ਜ਼ਬਤ ਹੈ ਦਿਲ ਵਿੱਚ ਤਾਂ ਅੱਖ ਉਠਦੀ ਨਹੀਂ,
ਦਿਲ ਜੇ ਲਲਚਾਓਂਦੈ ਤਾ ਲਲਚਾਂਦੀ ਏ ਅੱਖ|
ਦਿਲ ਦੀ ਗੱਲ ਨਾ ਕਹਿ ਸਕੇ ਜਿ~ਥੇ ਜ਼ੁਬਾਨ,
ਦਿਲ ਦੀ ਗੱਲ ਫ਼ੇਰ ਉੱਥੇ ਸਮਝਾਂਦੀ ਏ ਅੱਖ|
ਮੁਫ਼ਤ ਵਿੱਚ ਬਦਨਾਮ ਹੋ ਜਾਂਦਾ ਹੈ ਦਿਲ,
ਹਰ ਪੁਆੜਾ ਅਸਲ ਵਿੱਚ ਪਾਂਦੀ ਏ ਅੱਖ|
ਦਿਲ ਦੇ ਵਿੱਚ ਕੁਹਰਾਮ ਮੱਚ ਉਠਦਾ ਹੈ ਯਾਰ,
ਦਿਲ ’ਚ ਉੱਤਰ ਕੇ ਜਾ ਤੜਪਾਂਦੀ ਏ ਅੱਖ|
ਦਿਲ ਦੀ ਕੀ ਤਕਾਤ ਹੈ ਇਸ ਤੋਂ ਬਚ ਸਕੇ,
ਇੱਕ ਇਸ਼ਾਰੇ ਨਾਲ ਤੜਪਾਂਦੀ ਏ ਅੱਖ|
ਝੱਟ ਪਿਘਲ ਜਾਂਦਾ ਹੈ ਪੱਥਰ ਦਿਲ ਵੀ ਦੋਸਤ,
ਅਥੱਰੂ ਜਿਸ ਵਕਤ ਛਲਕਾਂਦੀ ਏ ਅੱਖ|
ਦਿਲ ਖੁੱਸ਼ੀ ਮਹਿਸੂਸਦਾ ਹੈ ਬੇ-ਸ਼ੁਮਾਰ,
ਜਦ ਕਰਮ ਦਿਲਬਰ ਦੇ ਫ਼ਰਮਾਂਦੀ ਏ ਅੱਖ|
ਦਿਲ ਨੂੰ ਜਦ ਚੜਦੀ ਹੈ ਮਸਤੀ ਇਸ਼ਕ ਦੀ,
ਫ਼ੇਰ ਬਿਨ ਪੀਤੇ ਹੀ ਨਸ਼ਿਆਂਦੀ ਏ ਅੱਖ|
ਦਿਲ ਤਾਂ ਹੈ ਮੁਹ੍ਤਾਜ "ਦੀਪਕ" ਅੱਖ ਦਾ,
ਮੁਰਦਾ ਦਿਲ ’ਚ ਜਾਨ ਪਾ ਜਾਂਦੀ ਏ ਅੱਖ|




No comments:

Post a Comment