Monday 13 February 2012

ਜ਼ਖਮ ਹਨ ਦਿਲ ਤੇ ਬਹੁਤ

ਜ਼ਖਮ ਹਨ ਦਿਲ ਤੇ ਬਹੁਤ, ਜ਼ਖਮਾਂ ’ਚ ਗਹਿਰਾਈ ਬਹੁਤ,
ਇਸ਼ਕ ਨੇ ਇਕ ਉਮਰ ਮੇਰੀ ਜਾਨ ਤੜਪਾਈ ਬਹੁਤ|
ਹਾਦਿਸੇ ਮੇਰੇ ਕਦਮ ਹਰਗਿਜ਼ ਨਹੀਂ ਅਟਕਾ ਸਕੇ,
ਤੇਜ਼ ਤਰ ਹੋ ਕੇ ਹਨੇਰੀ ਅੱਗੋਂ ਟਕਰਾਈ ਬਹੁਤ|
ਅੱਤ ਮੁਸ਼ਕਿਲ ਵਿੱਚ ਵੀ ਮੇਰਾ ਹੋਂਸਲਾ ਟੁੱਟਿਆ ਨਹੀਂ,
ਵਕਤ ਦੇ ਚੱਕਰ ਨੇ ਕੀਤੀ ਜ਼ੋਰ ਅਜ਼ਮਾਇਸ਼ ਬਹੁਤ|
ਕੀ ਕਰਾਂ ਮੇਰੇ ਸੁਭਾਅ ਵਿੱਚ ਮਸਲਹਤ ਆਈ ਨਹੀਂ,
ਮਸਲਹਤ ਦੀ ਬਾਤ ਮੈਨੂੰ , ਯਾਰਾਂ ਸਮਝਾਈ ਬਹੁਤ|
ਨਾ ਉਲਝ ਸਕਿਆ ਕਿਸੇ ਉਲਝਨ ’ਚ ਇਹ ਦਰਵੇਸ਼ ਦਿਲ,
ਰੇਸ਼ਮੀ ਜ਼ੁਲਫ਼ਾਂ ਨੇ ਮੇਰੀ, ਰੂਹ ਉਲਝਾਈ ਬਹੁਤ|
ਨੰਗੇ ਪੈਰੀਂ ਭੀ ਰਿਹਾ ਪਰ ਸਿਰ ਰਿਹੈ ਮੇਰਾ ਬੁਲੰਦ,
ਮੇਰੀ ਇਸ ਦੀਵਨਗੀ ਤੇ ਦੁਨੀਆ ਮੁਸਕਾਈ ਬਹੁਤ|
ਹਿਜਰ ਵਿੱਚ ਭੀ ਮੇਰੀ ਅਖੀਂ ਅਥੱਰੂ ਆਏ ਨਹੀਂ|
ਮੈਨੂੰ ਤੜਪਾਉਂਦੀ ਰਹੀ ਹੈ, ਚਾਹੇ ਤਨਹਾਈ ਬਹੁਤ|
ਐ ਜਨੂੰ ਤੇਰੇ ਸਹਾਰੇ, ਜ਼ਿੰਦਗੀ ਬੀਤੀ ਕਮਾਲ,
ਅਕਲ ਬੇਸ਼ਕ ਖੁਸ਼ਨੁਮਾ ਚੀਜ਼ਾਂ ਤੇ ਲਲਚਾਈ ਬਹੁਤ|
ਬਾਂਸ ਬੰਨ ਕੇ ਬੌਨਿਆਂ ਨੇ ਕੱਦ ਉੱਚੇ ਕਰ ਲਏ,
ਪਰ ਅਸੀਂ ਨੀਂਵੇ ਰਹਿਣ ਵਿੱਚ ਸਮਝੀ ਦਾਨਾਈ ਬਹੁਤ|
ਸ਼ੁਕਰੀਆ ਦੀਵਨਗੀ ਤੂੰ ਰੱਖਿਆ ਮੈਨੂੰ ਦਿਲੇਰ,
ਬਿਜਲੀਆਂ ਦੇ ਸ਼ੋਰ ਤੋਂ ਇਹ ਜਾਨ ਘਬਰਾਈ ਬਹੁਤ|
ਤੂੰ ਪ੍ਰਸਤਿਸ਼ ਦੇ ਹੈਂ ਕਾਬਿਲ ਠੀਕ ਹੈ "ਦੀਪਕ" ਇਹ ਬਾਤ,
ਤੇਰੀ ਲੋਅ ਨੇ ਜ਼ਿੰਦਗੀ ਕਵੀਆਂ ਦੀ ਰੁਸ਼ਨਾਈ ਬਹੁਤ|





No comments:

Post a Comment