Tuesday 14 February 2012

ਐ ਦਿਲ ! ਖੁਸ਼ੀ ਮਨਾ ਤੂੰ ,

ਐ ਦਿਲ ! ਖੁਸ਼ੀ ਮਨਾ ਤੂੰ , ਹੋਣੀ ਤਾਂ ਟਲ ਗਈ ਹੈ
ਗੁੰਝਲ ਉਨ੍ਹਾਂ ਦੇ ਦਿਲ ਦੀ , ਆਖਿਰ ਨਿਕਲ ਗਈ ਹੈ

ਜਿਸ ਦਿਨ ਤੋਂ ਹੈ ਬਦਲਿਆ , ਉਸ ਸ਼ੋਖ਼ ਦਾ ਵਤੀਰਾ
ਉਸ ਦਿਨ ਤੋਂ ਯਾਰ ਆਪਣੀ , ਕਿਸਮਤ ਬਦਲ ਗਈ ਹੈ

ਜਿਸ ਥਾਂ ਮੈਂ ਜਾ ਕੇ ਬੈਠਾ , ਉਹ ਥਾਂ ਹੈ ਮਹਿਕ ਉੱਠਦੀ
ਸਾਹਾਂ ‘ਚ ਖਬਰੈ ਖ਼ੁਸ਼ਬੂ , ਜ਼ੁਲਫ਼ਾਂ ਦੀ ਰਲ ਗਈ ਹੈ

ਆਪਣੀਂ ਨਜ਼ਰ ਦਾ ਤੁਹਫ਼ਾ , ਬਖ਼ਸ਼ੋ ਹਜ਼ੂਰ ਸਾਨੂੰ !!
ਐਵੇਂ ਜ਼ਰਾ ਤਬੀਅਤ , ਆਪਣੀ ਮਚਲ ਗਈ ਹੈ

ਮੈਨੂੰ ਖ਼ਬਰ ਨਹੀਂ ਕੁਝ , ਦੱਸੀਂ ਦਿਲਾ ਤੂੰ ਸੱਚ -ਸੱਚ !
ਸੁਣਿਐਂ ਮੇਰੀ ਤਬੀਅਤ , ਕੁਝ - ਕੁਝ ਸੰਭਲ ਗਈ ਹੈ

ਐ ਇਸ਼ਕ ! ਅੱਗ ਤੇਰੀ , ਐਨੀ ਸੀ ਤੇਜ਼ ਅੜਿਆ !
ਦਿਲ ਦੀ ਹੁਸੀਨ ਦੁਨੀਆਂ , ਪਲ ਭਰ ‘ਚ ਜਲ ਗਈ ਹੈ

ਵਸਲਾਂ ਦੀ ਰਾਤ ਐਦਾਂ , ਦਿਨ ਚੜ੍ਹਣ ਤੀਕ ਹੋਇਆ
ਜਿੱਦਾਂ ਕਿ ਰਾਤ ਹਾਲੇ , ਦੋ-ਚਾਰ ਪਲ ਪਈ ਹੈ

ਓਸੇ ਤਰ੍ਹਾਂ ਅਜੇ ਹਨ , ਜਜ਼ਬੇ ਜਵਾਨ “ਦੀਪਕ” !
ਆਫ਼ਤ ਕੀ ਆ ਗਈ ਹੈ , ਜੇ ਉਮਰ ਢਲ ਗਈ ਹੈ

No comments:

Post a Comment