Tuesday 14 February 2012

ਵਿਗੜਣੋਂ ਝਗੜਣੋਂ ਉਲਝਣੋਂ ਰਿਹਾ

ਵਿਗੜਣੋਂ ਝਗੜਣੋਂ ਉਲਝਣੋਂ ਰਿਹਾ
ਮੈਂ ਗੁਸਤਾਖ ਹੋਵਾਂ? ਇਹ ਹੋਣੋ ਰਿਹਾ
ਨਾ ਕਰ ਮਿਹਰ ਮੇਰੇ ਤੇ ਦੁਸ਼ਮਣ ਮਿਰੇ
ਤਿਰੀ ਮਿਹਰ ਬਾਝੋਂ ਮੈਂ ਮਰਣੋਂ ਰਿਹਾ
ਨਹੀਂ ਮੈਨੂੰ ਜ਼ਰਦਾਰ ਸਕਦਾ ਖਰੀਦ!
ਮੈਂ ਲਾਲਚ ਦੇ ਚੱਕਰਾਂ ’ਚ ਫ਼ਸਣੋਂ ਰਿਹਾ
ਜੋ ਪੀ ਕੇ ਸੰਭਲਦੈ; ਓਹ ਮੈਅਕਸ਼ ਨਹੀਂ
ਮੈਂ ਮੈਅਕਸ਼ ਹਾਂ ! ਪੀ ਕੇ ਸੰਭਲਣੋਂ ਰਿਹਾ
ਕਸਮ ਹੈ; ਜੇ ਜ਼ਾਲਿਮ ਤੂੰ ਛੱਡੇ ਕਸਰ
ਤਿਰੇ ਜ਼ੁਲਮ ਅੱਗੇ ਮੈਂ ਝੁਕਣੋਂ ਰਿਹਾ
ਮੁਖਲਿਫ਼ ਨੇ ਹਲਾਤ? ਕੋਈ ਗਮ ਨਹੀਂ
ਕਦਮ ਮੇਰਾ ਮੁਸ਼ਿਕਲ ’ਚ ਰੁਕਣੋਂ ਰਿਹਾ
ਜਵਨੀ ’ਚ ਇਹ ਦਿਲ ਮਚਲਿਆ ਨਹੀਂ
ਬੁਢਾਪੇ ’ਚ ਇਹ ਦਿਲ ਮਚਲਣੋਂ ਰਿਹਾ
ਓਹ ਬੁਜ਼ਦਿਲ ਹੈ! ਜ਼ਾਬਰ ਤੋਂ ਡਰਦਾ ਹੈ ਜੋ
ਮੈਂ ਜ਼ਾਬਰ ਤੋਂ ਡਰਣੋਂ! ਝਿਜਕਣੋਂ!! ਰਿਹਾ
ਹੈ ਸ਼ਾਇਸਤਗੀ ਓਸ ਸ਼ਾਇਰ ’ਚ ਖਾਕ?
ਜੋ ਸੂਫ਼ੀ ਰਿਹਾ ਪਰ ਬਕਣੋਂ ਰਿਹਾ!
ਤੁਸੀਂ ਆਪਣੀ ਮਰਜ਼ੀ ਦੇ ਮੁਖਤਾਰ ਹੋ
ਮੈਂ ਸਰਕਾਰ ਥੋਨੂੰ ਵਰਜਣੋਂ ਰਿਹਾ!
ਹੈ ਤੂਫ਼ਾਨ ਜ਼ੋਰਾਂ ਤੇ ਅੱਜ ਕੱਲ੍ਹ ਬਹੁਤ
ਇਹ "ਦੀਪਕ" ਮਗਰ ਫ਼ਿਰ ਭੀ ਬੁਝਣੋਂ ਰਿਹਾ!

No comments:

Post a Comment