Tuesday 14 February 2012

ਜਾਰੀ ਹੈ ਸਫ਼ਰ

ਕੁਝ ਜ਼ਬਤ ਕਰੋ ਯਾਰੋ! ਇਹ ਸਦਮਾ ਵੀ ਜ਼ਰ ਦੇਖੋ,
ਨਿਰਦੋਸ਼ ਲਹੂ ਡੁੱਲ੍ਹਿਆ, ਰਖਦੈ ਕੀ ਅਸਰ ਦੇਖੋ|
ਉਹ ਦੌਰ ਮੁਹੱਬਤ ਦਾ, ਸ਼ਾਇਦ ਨਾ ਕਦੀ ਆਵੇ,
ਨਫ਼ਰਤ ਦਾ ਜ਼ਮਾਨਾ ਇਹ, ਕਿੰਜ ਹੁੰਦੈ ਬਸਰ ਦੇਖੋ|
ਕੀ ਹੁੰਦਾ ਹੈ? ਕੀ ਹੋਣੈ? ਆ ਜਾਊ ਨਜ਼ਰ ਸਭ ਕੁਝ,
ਇਸ ਦਾਗ਼ਾਂ ਭਰੇ ਦਿਲ ਦੀ, ਤਸਵੀਰ ਮਗਰ ਦੇਖੋ|
ਦਹਿਸ਼ਤ ਦਾ ਜਾਂ ਵਹਿਸ਼ਤ ਦਾ, ਹੋਇਆ ਹੈ ਅਸਰ ਸ਼ਾਇਦ,
ਹਰ ਦਿਲ ਹੈ ਲਹੂ ਰੋਂਦਾ, ਹਰ ਅੱਖ ਹੈ ਤਰ ਦੇਖੋ|
ਘੱਲਿਆ ਤਾਂ ਹੈ ਕਾਸਿਦ ਮੈਂ, ਕੁਝ ਕਰਕੇ ਖਬਰ ਆਵੇ,
ਕਿਸ ਯਾਰ ਦੀ ਮਤਕਲ ’ਚੋਂ ਆਉਂਦੀ ਹੈ ਖਬਰ ਦੇਖੋ|
ਜਦ ਵਧਦਾ ਹਨੇਰਾ ਹੈ, ਤਾਂ ਹੁੰਦੀ ਹੈ ਗਹਿਰ ਸੁਣਿਐ,
ਅੰਤਾ ਦਾ ਹਨੇਰੈ ਹੈ, ਕਦ ਹੋ ਊ ਸਹਿਰ ਦੇਖੋ|
ਕਿੰਨਾ ਕੁ ਲਹੂ ਪੀ ਕੇ ਅੱਗ ਉਸਦੀ ਬੁੱਝੀ ਯਾਰੋ,
ਬਰਸਾਉਂਦੀ ਹੋਈ ਸ਼ੁਅਲੇ ਕਾਤਿਲ ਦੀ ਨਜ਼ਰ ਦੇਖੋ|
ਕੱਲ ਮੇਲੇ ਜਹੀ ਰੌਣਕ ਸੀ ਜਿਸਦੇ ਬਾਜ਼ਾਰਾਂ ਵਿੱਚ,
ਅੱਜ ਸੁੰਨ ਮਸਾਨ ਜਿਹਾ ਬਣਿਐ ਇਹ ਨਗਰ ਦੇਖੋ|
ਸ਼ੀਸ਼ੇ ’ਚ ਤਰੇੜ ਪਈ, ਮਿਟਦੀ ਤਾਂ ਨਹੀਂ ਦੇਖੀ,
ਕੋਸ਼ਿਸ਼ ’ਚ ਨੇ ਸ਼ੀਸ਼ਾਗਰ, ਫ਼ਨ ਇਹਨਾ ਦਾ ਪਰ ਦੇਖੋ|
ਪੁੱਟਣਾ ਹੀ ਜੇ ਚਾਹੁਂਦੇ ਹੋ, ਆਦਮ ਖਾਣਾ ਰੱਖ ਇਹ,
ਜੜ ਕਿੰਨੀ ਕੁ ਡੂੰਘੀ ਹੈ, ਅੰਦਾਜ਼ਾਂ ਤਾਂ ਕਰ ਦੇਖੋ|
ਮੰਜ਼ਿਲ ਹੈ ਕਦੋਂ ਮਿਲਣੀ ਇਹ ਖੁਦਾ ਹੀ ਜਾਣੇ "ਦੀਪਕ",
ਸੰਘਰਸ਼ ਤਾਂ ਚੱਲਦਾ ਹੈ, ਜਾਰੀ ਹੈ ਸਫ਼ਰ ਦੇਖੋ|

No comments:

Post a Comment