Saturday, 3 March 2012

ਅਸਾਂ ਵੀ

ਅਸਾਂ ਵੀ ਅੰਤ ਕਿਰ ਕੇ ਖਾਦ ਹੋਣਾ
ਕਦੀ ਸਾਂ ਫੁੱਲ ਇਹ ਕਿਸ ਨੂੰ ਯਾਦ ਹੋਣਾ

ਕਿਸੇ ਦਿਸਣਾ, ਕਿਸੇ ਨੇ ਗੁੰਮ ਹੋਣਾ
ਕਿਸੇ ਗੁੰਬਦ, ਕਿਸੇ ਬੁਨਿਆਦ ਹੋਣਾ

ਮੇਰੇ ਨੇਰੇ ਤੇ ਤੇਰੀ ਰੌਸ਼ਨੀ ਦਾ
ਹੈ ਮਨ ਵਿਚ ਉਮਰ ਭਰ ਸੰਵਾਦ ਹੋਣਾ

ਸੁਲਗਦੇ ਲਫਜ਼ ਨੇ ਸੜ ਜਾਣਗੇ ਇਹ
ਨਹੀਂ ਇਹਨਾਂ ਕਦੇ ਫਰਿਆਦ ਹੋਣਾ

ਉਦੋਂ ਸਮਝਣਗੇ ਲੋਕੀਂ ਦਿਲ ਦੀ ਅੱਗ ਨੂੰ
ਸਿਵੇ ਵਿਚ ਜਦ ਇਹਦਾ ਅਨੁਵਾਦ ਹੋਣਾ..............

ਐ ਇਸ਼ਕ ਆਤਿਸ਼ ਤੂੰ ਚੀਰ ਨੇਰੇ

ਐ ਇਸ਼ਕ ਆਤਿਸ਼ ਤੂੰ ਚੀਰ ਨੇਰੇ
ਤੂੰ ਕਰ ਨ ਕੋਈ ਲਿਹਾਜ਼ ਆ ਜਾ
ਜੋ ਜੁਰਮ ਕਹਿੰਦੇ ਨੇ ਜਗਣ ਨੂੰ ਵੀ
ਤੂੰ ਜਾਲ ਰੀਤਾਂ ਰਿਵਾਜ ਆ ਜਾ

ਵਜੂਦ ਮੇਰਾ ਹਜ਼ਾਰ ਤਾਰਾਂ
ਦਾ ਬੇਸੁਰਾ ਅੱਜ ਏ ਸ਼ਾਜ ਆ ਜਾ
ਖਿਆਲ ਹੋ ਜਾਂ ਨੁਹਾਰ ਬਣ ਕੇ
ਐ ਸੋਜ਼ ਸਰਗਮਨਵਾਜ਼ ਆ ਜਾ


ਬਗੈਰ ਤੇਰੇ ਇਹ ਦਿਲ ਹੈ ਪੱਥਰ
ਹਵਾ ਹੈ ਗੁਮਸੁਮ ਫਿਜ਼ਾ ਹੈ ਬੋਝਲ
ਤੂੰ ਪੌਣ ਬਣ ਕੇ ਤੂੰ ਹੋ ਕੇ ਰਿਮਝਿਮ
ਐ ਨਜ਼ਮ ਨਾਜ਼ਕ ਮਿਜ਼ਾਜ ਆ ਜਾ

ਮੈਂ ਬੇਹੇ ਪਾਣੀ ਨੂੰ ਭਾਫ ਕਰਨਾ
ਮੈਂ ਫੇਰ ਕਣੀਆਂ ਦੇ ਵਾਂਗ ਵਰਨਾ
ਮੈਂ ਤੇਰੇ ਤੀਰਾਂ ਦਾ ਵਾਰ ਜਰਨਾ
ਐ ਮੇਰੇ ਸੂਰਜ ਸਿਰਾਜ ਆ ਜਾ

ਉਮੀਦ ਵਾਲੀ ਨ ਢਾਹ ਅਟਾਰੀ
ਨ ਬੰਦ ਕਰ ਇਹ ਉਡੀਕ ਬਾਰੀ
ਤੂੰ ਢੋ ਨ ਬੂਹੇ, ਬੁਝਾ ਨ ਦੀਵੇ
ਵਿਛੋੜੀਆ ਵੇ ਤੁੰ ਬਾਜ਼ ਆ ਜਾ............

ਆਪੋਧਾਪੀ ਮੱਚ ਗਈ

ਆਪੋਧਾਪੀ ਮੱਚ ਗਈ, ਝੂਠ ਬਦੀ ਖੁਦਗਰਜ਼ੀਆਂ
ਸਭ ਦੀ ਸਾਂਝੀ ਫੌਜ਼ ਦਾ ਸ਼ਹਿਰ 'ਤੇ ਹੱਲਾ ਹੋ ਗਿਆ
ਮੇਰੇ ਵੇਂਹਦਿਆਂ ਵੇਂਹਦਿਆਂ ਭੇਤ ਨਹੀਂ ਕਿਉਂ ਹਰ ਕੋਈ
ਵਸਦੇ ਰਸਦੇ ਸ਼ਹਿਰ ਵਿਚ ਕੱਲਾ ਕੱਲਾ ਹੋ ਗਿਆ

ਬਿਰਤੀ ਜਿਹੀ ਬਿਖੇਰਦਾ, ਲੱਗੀ ਟੇਕ ਉਖੇੜਦਾ
ਸੁਰਤ ਭੁਲਾਈ ਜਾਂਵਦਾ, ਅੱਖੀਂ ਘੱਟਾ ਪਾਂਵਦਾ
ਕੱਪੜ-ਲੀੜ ਉਡਾਂਵਦਾ, ਝੱਖੜ ਆਇਆ ਲਾਂਭ ਦਾ
ਮੈਂ ਤਾਂ ਸਭ ਕੁਝ ਸਾਂਭਦਾ ਯਾਰੋਂ ਝੱਲਾ ਹੋ ਗਿਆ

ਬੀਤੇ ਦਾ ਨਾ ਜ਼ਿਕਰ ਕਰ, ਬਸ ਤੂੰ ਅਗਲਾ ਫਿਕਰ ਕਰ
ਪੁੰਗਰੀ ਪੌਧ ਸੰਭਾਲ ਤੂੰ, ਮਰ ਨਾ ਮਰਦੇ ਨਾਲ ਤੂੰ
ਹੁਣ ਕੀ ਬਹਿ ਕੇ ਰੋਵਣਾ, ਗਮ ਦੀ ਚੱਕੀ ਝੋਵਣਾ
ਜਿਹੜਾ ਕੁੱਝ ਸੀ ਹੋਵਣਾ ਉਹ ਤਾਂ ਮੱਲਾ ਹੋ ਗਿਆ

ਸਿਮ ਸਿਮ ਬਰਫਾਂ ਢਲਦੀਆਂ, ਨਿਮ ਨਿਮ ਪਾਣੀ ਬਹਿ ਰਹੇ
ਛਮ ਛਮ ਕਣੀਆਂ ਵਰਦੀਆਂ, ਝਿਮ ਝਿਮ ਰਿਸ਼ਮਾਂ ਕਰਦੀਆਂ
ਕੀ ਸੁਣਨੇ ਉਪਦੇਸ਼ ਮੈਂ ਮੁੱਲਾਂ ਦੇ ਆਦੇਸ਼ ਮੈਂ
ਆਲਮ ਦਾ ਸੰਗੀਤ ਹੀ ਮੇਰਾ ਅੱਲਾ ਹੋ ਗਿਆ.....

Friday, 2 March 2012

ਕਮੇਟੀ ਜਿੰਦਾਬਾਦ

ਗਲੀਏ ਚਿੱਕੜ ਯਾਰ, ਕਮੇਟੀ ਜਿੰਦਾਬਾਦ
ਤੁਰਨਾ ਹੈ ਦੁਸ਼ਵਾਰ, ਕਮੇਟੀ ਜਿੰਦਾਬਾਦ |

ਗਲੀ-ਗਲੀ ਵਿਚ ਮੋੜ-ਮੋੜ 'ਤੇ ਕੁੜੇ ਦੇ,
ਲੱਗੇ ਹਨ ਅੰਬਾਰ, ਕਮੇਟੀ ਜਿੰਦਾਬਾਦ |

ਕਿਸ ਨੂੰ ਕਹੀਏ ? ਕੌਣ ਸੁਣੇ ਫ਼ਰਿਆਦ ਆਪਣੀ,
ਹਰ ਬੰਦੈ ਲਾਚਾਰ, ਕਮੇਟੀ ਜਿੰਦਾਬਾਦ |

ਗਲੀਆਂ ਦੀਆਂ ਟਿਊਬਾਂ ਜਗਦੀਐ ਕਦੇ ਕਦੇ,
ਰਹਿੰਦੈ ਨੇਰ-ਗੁਬਾਰ, ਕਮੇਟੀ ਜਿੰਦਾਬਾਦ |

ਕਵੀ ਠੇਕੇਉਂ ਹੋਕੇ ਜਦ ਬਸਤੀ ਪਹੁੰਚੇ,
ਭੁੱਲ ਜਾਵੇ ਘਰ-ਬਾਰ, ਕਮੇਟੀ ਜਿੰਦਾਬਾਦ |

ਜਿਨ੍ਹਾਂ ਵੱਡਾ ਨੇਤਾ, ਓਨ੍ਹੇ ਘੋਟਾਲੇ,
ਵਾਹ ਮੇਰੇ ਕਰਤਾਰ, ਕਮੇਟੀ ਜਿੰਦਾਬਾਦ |

ਬਾਜ਼ਾਰਾਂ ਵਿਚ ਟੋਏ ਚੱਪੇ-ਚੱਪੇ 'ਤੇ,
ਸੜਕਾਂ ਨਾ ਹਮਵਾਰ, ਕਮੇਟੀ ਜਿੰਦਾਬਾਦ |

ਸ਼ਾਇਰ ਨੂੰ ਮਜ਼ਬੂਰਨ ਕਹਿਣਾ ਹੀ ਪੈਂਦੈ,
ਸੱਚ ਸ਼ਰੇ ਬਾਜ਼ਾਰ, ਕਮੇਟੀ ਜਿੰਦਾਬਾਦ |

ਤੂੰ ਲੀਡਰ ਨਾ ਬਣਿਆ 'ਦੀਪਕ', ਰਿਹਾ ਕਵੀ,
ਲੱਖ-ਲੱਖ ਸ਼ੁਕਰ ਗੁਜ਼ਾਰ, ਕਮੇਟੀ ਜਿੰਦਾਬਾਦ |

ਹੌਸਲਾ ਕਰਕੇ ਜ਼ਰਾ

ਹੌਸਲਾ ਕਰਕੇ ਜ਼ਰਾ ਦੀਵਾਰ ਟੱਪ ਕੇ ਵੇਖਣਾ ਸੀ।
ਰੁੱਖ ਦੀ ਇਸ ਟਾਹਣ ‘ਤੇ ਇਕ ਰਾਤ ਕੱਟ ਕੇ ਵੇਖਣਾ ਸੀ।

ਧਰ ਗਿਆਂ ਏਂ ਓਸ ਦੇ ਸਿਰ ਤਾਅ ਉਮਰ ਦੇ ਵਾਸਤੇ ਤੂੰ,
ਇਕੱਲ ਦੇ ਇਸ ਭਾਰ ਨੂੰ ਖ਼ੁਦ ਆਪ ਚੁੱਕ ਕੇ ਵੇਖਣਾ ਸੀ।

ਤੂੰ ਹਮੇਸ਼ਾ ਪੀਣੇ ਲੋਚੇ ਅੰਮ੍ਰਿਤਾਂ ਦੇ ਘੁੱਟ ਹੀ,
ਜ਼ਿੰਦਗੀ ਦਾ ਜ਼ਹਿਰ ਵੀ ਇਕ ਵਾਰ ਚੱਖ ਕੇ ਵੇਖਣਾ ਸੀ।

ਇਸ ਪੜਾਅ ‘ਤੇ ਆਣ ਕੇ ਮੁੜਨਾ ਪਿਆ ਕਿਉਂ ਫੇਰ ਪਿੱਛੇ,
ਆਪਣੀ ਹੀ ਪੈੜ ਨੂੰ ਗਹੁ ਨਾਲ਼ ਤੱਕ ਕੇ ਵੇਖਣਾ ਸੀ।

ਇਸ ਇਸ਼ਕ ਦੀ ਐ ਯਾਰੋ

ਉਸ ਹੁਸਨ ਦਾ ਜਦੋਂ ਵੀ ਮੈਂ ਮਾਣਿਆ ਨਜ਼ਾਰਾ
ਵੀਰਾਨ ਜਾਪਿਆ ਹੈ ਮੈਨੂੰ ਜਹਾਨ ਸਾਰਾ ,

ਅਹਿਸਾਨ ਤੇਰਾ ਮੈਨੂੰ ਹਰਗਿਜ਼ ਨਹੀਂ ਗਵਾਰਾ
ਮੈਂ ਕਰ ਲਵਾਂਗਾ ਓਵੇਂ; ਹੋਇਆ ਜਿਵੇਂ ਗੁਜ਼ਾਰਾ ,

ਤੇਰੀ ਨਜ਼ਰ ’ਚੋਂ ਪੀ ਕੇ ਉਹ ਬੱਝਿਆ ਤਰਾਰਾ
ਚੜ੍ਹਿਆ ਨਸ਼ਾ ਅਜਿਹਾ ਨਾ ਟੁੱਟਿਆ ਦੁਬਾਰਾ ’

ਤੇਰੇ ਨਾਂਅ ਤੇ ਯਾਰ ਮੇਰੇ ਇਹ ਦੁਕਾਨਦਾਰੀਆਂ ਹਨ
ਹਰ ਮਨ-ਮਸੀਤ-ਮੰਦਿਰ; ਹਰ ਦਿਲ ਹੈ ਗੁਰਦਵਾਰਾ,

ਇਸ ਇਸ਼ਕ ਦੀ ਐ ਯਾਰੋ! ਬੁੱਝੂਗਾ ਰਮਜ਼ ਓਹੀ
ਜਿਸ ਨੇ ਸਮਝ ਲਿਆ ਹੈ ਉਸ ਹੁਸਨ ਦਾ ਇਸ਼ਾਰਾ,

ਇੱਕ ਉਮਰ ਬੀਤ ਚੱਲੀ; ਕਰ ਕਰ ਤੇਰੀ ਇਬਾਦਤ
ਭਖ਼ਦਾ ਪਿਐ ਅਜੇ ਵੀ ਇਸ ਦਿਲ ਵਿੱਚ ਇੱਕ ਸ਼ਰਾਰਾ,

ਤੂੰ ਬੇ-ਅਦਬੀ ਨਾ ਸਮਝੀਂ ! ਮੈਂ ਬੇ-ਅਦਬ ਨਹੀਂ ਹਾਂ
ਗ਼ੈਰਤ ਮਿਰੀ ਨੂੰ ਐਪਰ! ਜ਼ਿੱਲਤ ਨਹੀਂ ਗਵਾਰਾ,

ਲਹਿਰਾਂ ਦੇ ਨਾਲ ਘੁਲ ਕੇ; ਮੈਂ ਲੁਤਫ਼ ਲੈ ਰਿਹਾ ਹਾਂ
ਨਾ ਮਿਲੇ ਆਖੀਰ ਦਮ ਤਕ ਸੌ ਵਾਰ ਹੁਣ ਕਿਨਾਰਾ,

ਖ਼ੁਦ ਆਪਣੇ ਹੌਂਸਲੇ ਤੇ ਮੈਂ ਤਲਾਸ਼ ਕੀਤੀ ਮੰਜ਼ਿਲ !
ਨਾ ਹੀ ਭਾਲਿਆ ਵਸੀਲਾ ਨਾ ਹੀ ਭਾਲਿਆ ਸਹਾਰਾ,

ਤੇਰੇ ਤੇ ਫ਼ਿਰ ਭੀ ਯਾਰਾ! ਮੈਨੂੰ ਗਿਲਾ ਨਹੀਂ ਕੁਝ
ਚੱਕਰ ’ਚ ਹੀ ਰਿਹੈ ਜੇ ਤਕਦੀਰ ਦਾ ਸਿਤਾਰਾ ?

ਮਨਜ਼ੂਰ ਮੇਰੇ ਦਿਲ ਨੂੰ ਹਰਕ ਨਹੀਂ ਅਜੇਹੀ
ਕੋਈ ਕਹੇ ਕਿ "ਦੀਪਕ"! ਔਹ ਫ਼ਿਰ ਰਿਹੈ "ਵਿਚਾਰਾ"

"ਰਾਹੀਆ ਤੂੰ ਰੁਕ ਨਾ,

"ਰਾਹੀਆ ਤੂੰ ਰੁਕ ਨਾ,
ਕੇ ਨਿਤ ਦੇ ਮੁਸਾਫ਼ਿਰ ਨਿਰਾਸ਼ਾ ਦੇ ਨਜਦੀਕ ਢੁਕਦੇ ਨੀ ਹੁੰਦੇ,
ਪਹ੍ਹਾੜਾਂ ਦੀ ਛਾਤੀ ਨੂ ਸ਼ਾਨਨੀ ਬਣਾ ਕੇ ਜੋ ਸੋਮੇ ਨਿਕਲਦੇ ਨੇ ਸੁਕਦੇ ਨੀ ਹੁੰਦੇ,
ਜਿੰਨਾਂ ਨੇ ਹਥੇਲੀ ਤੇ ਰਖੀ ਹੋਈ ਏ , ਓਹ ਦੁਨਿਆ ਝੁਕਾਉਂਦੇ ਨੇ ਝੁਕਦੇ ਨੀ ਹੁੰਦੇ|

ਤੇ ਤੂੰ , ਤੂੰ ਤੇ ਹੈ ਜਾਣਾ ਬੜੀ ਦੁਰ ਹਾਲੇ , ਹਜੇ ਕਿਉਂ ਹੈ ਸੂਰਤ ਤੂੰ ਰੋਣੀ ਬਣਾਈ,
ਓਹੀ ਗਲ ਕੀਤੀ ਨਾ ਕਹੰਦੇ ਨੇ ਜਿਦ੍ਦਾ ਕੇ ਕੋਹ ਨਾ ਚੱਲੀ ਤੇ ਬਾਬਾ ਜੀ ਹਾਏ |

ਮੈਂ ਮੰਨਦਾਂ ਹਾਂ ਮੰਜਿਲ ਹੈ ਤੇਰੀ ਦੁਰਾਡੇ ਥਕੇਵਾਂ ਇਹ ਟੰਗਾਂ ਨੂ ਚੜਿਆ ਵੀ ਹੋਣਾ ,
ਤੇਰੇ ਮਨ ਦਾ ਅੜੀਅਲ ਤੇ ਬੇ-ਬਹਕ ਘੋੜਾ ਕਈ ਵਾਰ ਰਸਤੇ ਚ ਅੜਿਆ ਵੀ ਹੋਣਾ,
ਔਰ ਤੇਰੀ ਅਜਮਾਇਸ਼ ਨੂ ਸਾਹਵੇਂ ਵਿਧਾਤਾ ਤੇਰੇ ਅੜਚਨਾ ਲਈ ਲਈ ਖੜਿਆ ਵੀ ਹੋਣਾ,
ਕਈ ਵਾਰ ਤੇਰੀ ਬਗਾਵਤ ਦਾ ਸ਼ੋਲਾ ਵਿਰੋਧੀ ਦੇ ਵੇਹੜੇ ਚ ਲੜਿਆ ਵੀ ਹੋਣਾ,

ਤਾਂ ਕੀ ਹੋਯਾ ਚੰਨਿਯਾ ਇਹ ਹੋਯਾ ਈ ਕਰਦੇ,
ਰੁਕਾਵਟ ਨਾ ਟੱਪੇ ਰਵਾਨੀ ਨੀ ਹੁੰਦੀ,
ਕਦਮ ਮੁਸ਼ਕਿਲਾਂ ਦੇ ਜੇ ਸੀਨੇ ਤੇ ਧਰ ਧਰ ਕੇ ਵਧਿਆ ਨਾ ਜਾਵੇ ਜਵਾਨੀ ਨੀ ਹੁੰਦੀ|

ਜੇ ਸੂਲਾਂ ਤੇ ਤੁਰਿਆਂ ਤਾਂ ਦਸ ਖਾਂ ਜਾਵਾਂ ਅਜੇਹੇ ਜਹੇ ਭਖੜੇ ਤੋਂ ਡਰਨਾ ਕੀ ਹੋਇਆ,
ਜੇ ਅੰਗਾਰਾਂ ਤੇ ਤੁਰਨ ਦਾ ਤੂ ਪਰਨ ਕੀਤਾ ਤਾਂ ਫਿਰ ਬੋਚ ਕੇ ਪੈਰ ਧਰਨਾ ਕੀ ਹੋਇਆ ,
ਔਰ ਜੇ ਹੱਸ ਹੱਸ ਕੇ ਪਿੱਤਾ ਸੁਕਾਉਣ ਹੈ ਸਿਖਿਆ ਤਾਂ ਠੰਡੇ ਜਹੇ ਹੌਕੇ ਭਰਨਾ ਕੀ ਹੋਇਆ,
ਸਦਾ ਸ਼ੇਰ ਤਰਦਾ ਹੈ ਪਾਣੀ ਨੂ ਸਿਧਾ , ਵਹਾ ਨਾਲ ਵੇਹ ਜਾਣਾ ਤਰਨਾ ਕੀ ਹੋਇਆ |

ਕਦਮ ਜੇ ਵਧਾਇਆ ਤਾਂ ਮੁੜ ਮੁੜ ਕੀ ਵੇਹੰਦੇ,
ਤੇਰੇ ਸਿਰ ਤੇ ਫ਼ਰਜ਼ਾਂ ਦਾ ਢਾਬਾ ਹੈ ਚਨਿਆ,
ਇਹ ਰੁਕ ਰੁਕ ਕੇ ਵਧਣਾ, ਜਾ ਵਧ ਵਧ ਕੇ ਰੁਕਨਾ ,
ਤੇਰੀ ਵੀਰਤਾ ਉੱਤੇ ਧਬਾ ਹੈ ਚਨਿਆ|

ਕੇ ਜ਼ਮਾਨੇ ਦੇ ਚਾਕਰ ਨੂ ਲਲਕਾਰ ਕੇ ਕਹਦੇ, ਚਕਰ ਮੈਂ ਤੇਰੇ ਭੂਆਂ ਕੇ ਹਟਾਂ ਗਾ,
ਸਾਦੇਹਾਂ ਦੇ ਹੋਣੇ ਨੂ ਹਿਮਤ ਦੇ ਹਥੀਂ ਕੇ ਆਖਿਰ ਮੈਂ ਤੇਨੁ ਨਿਵਾ ਕੇ ਹਟਾਂ ਗਾ,
ਤੂ ਲਾ ਹੋਸਲੇ ਨਾਲ ਪੱਟਾਂ ਤੇ ਥਾਪੀ , ਮੁਸੀਬਤ ਨੂ ਕਹ ਤੇਨੁ ਢਾ ਕੇ ਹਟਾਂਗਾ,
ਤੁਫਾਨਾਂ ਨੂ ਕਹਦੇ ਕੇ ਵਧ ਵਧ ਕੇ ਆਓ , ਮੈਂ ਕਸ਼ਤੀ ਕਿਨਾਰੇ ਤੇ ਲਾ ਕੇ ਹਟਾਂਗਾ|

ਔਰ ਜਦੋਂ ਦੇਖੀ ਤੇਰੇ ਇਰਾਦੇ ਚ ਸਖਤੀ , ਸ਼ਕਤੀ ਉਦਾਲੇ ਆਪ ਉਗ੍ਗੁ ਗੀ ਤੇਰੇ,
ਇਹ ਸਾਰੀ ਦੀ ਸਾਰੀ ਖੁਦਾਈ ਦੀ ਤਾਕਤ ਤੂੰ ਦੇਖੇਂਗਾ ਪੈਰਾਂ ਨੂ ਚੁਮੁ ਗੀ ਤੇਰੇ|

ਤੂੰ ਵੇਹਦਾ ਨਹੀਂ ਕੁਦਰਤ ਦੀ ਬਾਂਹ ਲੰਬੀ ਲੰਬੀ , ਕਿਵੇਂ ਤੇਰੀ ਮਦਦ ਨੂ ਆਂਦੀ ਪਈ ਏ,
ਕੁਰਾਹੇ ਨਾ ਪੈ ਜਿਏੰ ਤਦੇ ਤਾਂ ਇਹ ਬਿਜਲੀ ਲਿਸ਼ਕ ਨਾਲ ਰਸਤਾ ਦਿਖਾਉਂਦੀ ਪਈ ਏ,
ਓਹ ਬੀਬਾ ਇਹ ਬਾਰਿਸ਼ ਤੇ ਮਿਲ ਕੇ ਹਨੇਰੀ , ਤੇਰੀ ਰਾਹ ਨੂ ਪਧਰ ਬਣਾਉਂਦੀ ਪਈ ਏ,
ਇਹ ਬਦਲ ਨਹੀਂ ਗਜਦੇ ,ਕੁਦਰਤ ਦੀ ਵੀਨਾ ਤੇਰੇ ਸੁਆਗਤੀ ਗੀਤ ਗਾਉਂਦੀ ਪਈ ਏ,
ਔਰ ਹਿਫ਼ਾਜ਼ਤ ਲਈ ਤੇਰੀ ਖੂਨੀ ਦਰਿਦੇ ਤੇਰੇ ਅਗੇ ਪਿਸ਼ੇ ਚਲੇ ਆ ਰਹੇ ਨੇ,
ਤੇ ਰਫਤਾਰ ਤੇਰੀ ਚ ਸੁਸਤੀ ਨਾ ਆ ਜਿਏ, ਤਾਂ ਪੈਰਾਂ ਚ ਕੰਡੇ ਖੁਬੇ ਜਾ ਰਹੇ ਨੇ|

ਓਹ ਵੇਖ ਹੁਣ ਤਾਂ ਉਜਾਲਾ ਵੀ ਦਿੱਸਿਆ , ਤੇ ਮੰਜਿਲ ਵੀ ਬਾਹਾਂ ਉੱਲਾਰੀ ਖੜੀ ਹੈ,
ਤੇਰੇ ਦਮ ਕਦਮ ਦੇ ਭਰੋਸੇ ਤੇ ਝੱਲੀ ਉਮੀਦਾਂ ਦੇ ਮੰਜ਼ਰ ਉਸਾਰ੍ਰੀ ਖੜੀ ਹੈ,

ਤੂੰ ਪਹੁੰਚੋ ਤਾਂ ਦੇਖੀ ਤੇਰੀ ਜੈ ਦੇ ਨਾਹਰੇ ਇਹ ਰਲ ਮਿਲ ਕੇ ਦੁਨਿਆ ਪੁਕਾਰੀ ਖੜੀ ਹੈ|
ਤੂੰ ਪਹੁੰਚੋ ਤਾਂ ਦੇਖੀ ਤੇਰੀ ਜੈ ਦੇ ਨਾਹਰੇ ਇਹ ਰਲ ਮਿਲ ਕੇ ਦੁਨਿਆ ਪੁਕਾਰੀ ਖੜੀ ਹੈ|

ਔਰ ਤੇਰੇ ਏਸ ਜੀਵਨ ਦੇ "ਦੀਪਕ" ਦੀ ਲਾਓ ਨੇ, ਨਸ ਲਾਉਣ ਵਾਲੀ ਨੂ ਰਸਤਾ ਦਿਖਾਉਣਾ,
ਪਵਿੱਤਰ ਸਮਝ ਤੇਰੇ ਪੈਰਾਂ ਦਾ ਰੇਤਾ ਇਹ ਲੋਕਾਂ ਨੇ ਚੂਮ ਚੂਮ ਕੇ ਮਾਥੇ ਨੂ ਲਾਉਣਾ,
ਪਵਿੱਤਰ ਸਮਝ ਤੇਰੇ ਪੈਰਾਂ ਦਾ ਰੇਤਾ ਇਹ ਲੋਕਾਂ ਨੇ ਚੂਮ ਚੂਮ ਕੇ ਮਾਥੇ ਨੂ ਲਾਉਣਾ||"