Friday, 2 March 2012

ਬਾਕੀ ਕੁਝ ਨਹੀਂ |

ਜ਼ਿੰਦਗੀ ਕੀ ਹੈ ਹਸੀਂ ਧੋਖਾ ਹੈ ਬਾਕੀ ਕੁਝ ਨਹੀਂ |
ਮੌਤ ਵੀ ਬੰਦੇ ਲਈ ਹਊਆ ਹੈ ਬਾਕੀ ਕੁਝ ਨਹੀਂ |
ਇਸ਼ਕ ਕੀ ਹੈ ਯਾਰ ਦਾ ਜਲਵਾ ਹੈ ਬਾਕੀ ਕੁਝ ਨਹੀਂ |
ਹੁਸਨ ਵੀ ਛਿਣ ਭਰ ਦਾ ਹੀ ਸੁਪਨਾ ਹੈ ਬਾਕੀ ਕੁਝ ਨਹੀਂ |
ਪਿਆਰ ਕੀ ਹੈ ਰੂਹ ਦਾ ਨਗ਼ਮਾ ਹੈ ਬਾਕੀ ਕੁਝ ਨਹੀਂ |
ਦਰਦ ਵੀ ਤਾਂ ਦਿਲ ਦਾ ਹੀ ਵਿਰਸਾ ਹੈ ਬਾਕੀ ਕੁਝ ਨਹੀਂ |
ਦੌੜ ਦੌਲਤ ਵਾਸਤੇ, ਸ਼ੁਹਰਤ ਲਈ ਇਹ ਖਿੱਚ ਧੂਹ,
ਆਦਮੀ ਦੀ ਅਕਲ ਤੇ ਪਰਦਾ ਹੈ ਬਾਕੀ ਕੁਝ ਨਹੀਂ |
ਆਦਮੀ ਮਜ਼ਹਬ ਲਈ ਕਰਦਾ ਹੈ ਕਿਓਂ ਬੰਦੇ ਦਾ ਖ਼ੂਨ,
ਜਦ ਕਿ ਮਜ਼ਹਬ ਸਿਰਫ਼ ਇਕ ਰਸਤਾ ਹੈ ਬਾਕੀ ਕੁਝ ਨਹੀਂ |
ਰਿਸ਼ਤਿਆਂ ਦੇ ਚੱਕਰਾਂ ਵਿੱਚ ਘਿਰ ਗਏ ਦੀਵਾਨਿਓਂ!
ਆਦਮੀਅਤ ਹੀ ਬੜਾ ਰਿਸ਼ਤਾ ਹੈ ਬਾਕੀ ਕੁਝ ਨਹੀਂ |
ਸਿਰਫ਼ ਮਤਲਬ ਤਕ ਮੁੱਹਬਤ ਹੋ ਕੇ ਸੀਮਿਤ ਰਹਿ ਗਈ,
ਦੋਸਤੀ ਵੀ ਨਿਰਾ ਸੌਦਾ ਹੈ ਬਾਕੀ ਕੁਝ ਨਹੀਂ |
ਖ਼ੂਨ ਇੱਕੋ ਹੈ ਮਗਰ ਕਿਉਂ ਕਸ਼ਮਕਸ਼ ਆਪਸ ’ਚ ਹੈ?
ਭਾਵਨਾ ਤੇ ਹ਼ਉਮੈਂ ਦਾ ਗ਼ਲਬਾ ਹੈ ਬਾਕੀ ਕੁਝ ਨਹੀਂ |
ਨਾ ਮੁਹੱਬਤ ਨਾ ਮੁਰੱਵਤ ਨਾ ਅਦਬ ਨਾਹੀਂ ਖ਼ਲੂਸਾ,
ਆਦਮੀ ਹੁਣ ਸਿਰਫ਼ ਇੱਕ ਢਾਂਚਾ ਹੈ ਬਾਕੀ ਕੁਝ ਨਹੀਂ |
ਸ਼ਿਕਰਿਆਂ ਬਾਜ਼ਾਂ ਨੇ ਅੱਤ ਚੁੱਕੀ ਹੈ ਗੁਲਸ਼ਨ ਵਿੱਚ ਐ ਦੋਸਤ
ਬੁਲਬਲਾਂ ਚਿੜੀਆਂ ਦਾ ਰੱਬ ਰਾਖਾ ਹੈ ਬਾਕੀ ਕੁਝ ਨਹੀਂ |
ਦਿਲ ਜਲਾ ਕੇ ਜਿਸ ਨ ਰੱਖੀ, ਬਜ਼ਮ ਦੇ ਵਿੱਚ ਰੌਸ਼ਨੀ,
ਬਜ਼ਮ ਵਿੱਚ "ਦੀਪਕ" ਉਹੀ ਜਗਦਾ ਹੈ ਬਾਕੀ ਕੁਝ ਨਹੀਂ |

ਮੈਂ ਕਹਿੰਦਾ ਸੀ

ਦਿਲਾ ਇਹ ਇਸ਼ਕ ਬਰਬਾਦੀ ਕਰਾਊਗਾ ਮੈਂ ਕਹਿੰਦਾ ਸੀ
ਤਿਰੇ ਘਰ ਨੂੰ ਭੀ ਚੰਦਰਾ ਅੱਗ ਲਾਊਗਾ ਮੈਂ ਕਹਿੰਦਾ ਸੀ

ਗੁਨਾਹ ਕੋਈ ਕਰੂਗਾ ! ਫ਼ਾਇਦਾ ਕੋਈ ਉਠਾਊਗਾ!!
ਤਿਰੇ ਸਿਰ ਮੁਫ਼ਤ ਦਾ ਇਲਜ਼ਾਮ ਆਊਗਾ ਮੈਂ ਕਹਿੰਦਾ ਸੀ

ਖ਼ਲਾਅ ਵਿੱਚ ਦੂਰ ਤੱਕ ਧੁੰਦਲਾ ਜਿਹਾ ਚਾਨਣ, ਸੀ ਜੋ ਦਿਸਦਾ
ਇਹ ਚਾਨਣ, ਭੀ ਹਨੇਰੇ ਵਿੱਚ ਸਮਾਊਗਾ, ਮੈਂ ਕਹਿੰਦਾ ਸੀ

ਬੜੀ ਜ਼ਾਲਿਮ ਹੈ ਇਹ ਦੁਨੀਆ; ਬੜੇ ਜ਼ਾਲਿਮ ਨੇ ਇਹ ਬੰਦੇ
ਜੋ ਇਹਨਾ ਤੇ ਧਿਜੂਗਾ ਮਾਰ ਖਾਊਗਾ ਮੈਂ ਕਹਿੰਦਾ ਸੀ

ਪਤਾ ਸੀ ਏਸ ਹਲਚਲ ਦਾ ਇਹੀ ਸਿੱਟਾ ਨਿਕਲਣਾਂ ਏਂ
ਸਮਾਂ ਮਨਸੂਰ ਨੂੰ ਸੂਲੀ ਚੜ੍ਹਾਊਗਾ ਮੈਂ ਕਹਿੰਦਾ ਸੀ

ਹਨੇਰੀ ਨਾਲ ਟਕਰਾਕੇ ਵਿਚਾਰੇ ਰੁੱਖ ਟੁੱਟਣਗੇ
ਜ਼ਮਾਨਾ ਭੀ ਇਨ੍ਹਾਂ ਦਾ ਮੂੰਹ ਚਿੜ੍ਹਾਊਗਾ ਮੈਂ ਕਹਿੰਦਾ ਸੀ

ਲੜਾ ਦਿੱਤਾ ਨਾ ਆਖ਼ਿਰ ਸ਼ੇਖ ਨੇ ਸਾਨੂੰ ਭੀ ਆਪਸ ’ਚ
ਇਹ ਮੂਜ਼ੀ ਸਾਨੂੰ ਆਪਸ ਵਿੱਚ ਲੜ੍ਹਾਊਗਾ ਮੈਂ ਕਹਿੰਦਾ ਸੀ

ਤੁਸੀਂ ਕਹਿੰਦੇ ਸੀ ਰਹਿਬਰ ਖ਼ੂਬ ਹੈ ਪਹੁੰਚਾਂਗੇ ਮੰਜ਼ਿਲ ਤੇ
ਇਹ ਰਹਿਬਰ ਹੀ ਤੁਹਾਨੂੰ ਰਾਹ ਭੁਲਾਊਗਾ ਮੈਂ ਕਹਿੰਦਾ ਸੀ

ਦਲੀਲਾਂ ਨਾਲ "ਦੀਪਕ" ਕਦ ਕੋਈ ਅਹਿਮਕ ਸਮਝਦਾ ਹੈ
ਜੋ ਸਮਝਾਊਗਾ ਪੱਗ ਆਪਣੀ ਲੁਹਾਊਗਾ ਮੈਂ ਕਹਿੰਦਾ ਸੀ

ਇਸ਼ਕ ਦੀ ਬਾਤ

ਇਸ਼ਕ ਦੀ ਬਾਤ ਸੁਣਾਉਂਦਿਆਂ ਭੀ ਹਯਾ ਆਉਂਦੀ ਹੈ|
ਹੁਸਨ ਦਾ ਜ਼ਿਕਰ ਚਲਾਉਂਦੇ ਭੀ ਹਯਾ ਆਉਂਦੀ ਹੈ|

ਐਨੀ ਬੇ-ਲੁਤਫ਼ ਬੇ-ਨੂਰ ਹੈ ਜ਼ਿੰਦਗੀ ਅਜ ਕੱਲ੍ਹ,
ਹੁਣ ਤਾਂ ਇਹ ਉਮਰ ਹੰਢਿਉਂਦੇ ਭੀ ਹਯਾ ਆਉਂਦੀ ਹੈ|

ਅਜ ਤੇ ਇਨਸਾਨ ਦਾ ਕਿਰਦਾਰ ਹੈ ਐਨਾ ਨੀਂਵਾ,
ਅਜ ਤਾਂ ਇਨਸਾਨ ਕਹਾਉਂਦੇ ਭੀ ਹਯਾ ਆਉਂਦੀ ਹੈ|

ਕਤਲ ਕਰ ਦਿੰਦਾ ਹੈ ਫ਼ਰਿਆਦ ਇਹ ਬੋਲਾ ਮੁਨਿਸਫ਼,
ਲਬ ਤੇ ਫ਼ਰਿਆਦ ਲਿਆਉਂਦੇ ਭੀ ਹਯਾ ਆਉਂਦੀ ਹੈ|

ਵਾਅਦੇ ਤੋੜੇ ਨੇ ਉਨ੍ਹਾ ਨੇ ਕਿ ਹੁਣ ਉਹ ਵਾਅਦੇ,
ਯਾਦ ਉਹਨਾਂ ਨੂੰ ਕਰਾਉਂਦੇ ਭੀ ਹਯਾ ਆਉਂਦੀ ਹੈ|

ਐਨੇ ਬੇ ਪਰਦ ਨਜ਼ਾਰੇ ਨੇ ਕਿ ਤੌਬਾ ਮੇਰੀ,
ਉਫ਼! ਕਿ ਅਜ ਪਲਕਾਂ ਉਠਾਉਂਦੇ ਭੀ ਹਯਾ ਆਉਂਦੀ ਹੈ|

ਤੇਰੇ ਮੈਅਖ਼ਾਨੇ ’ਚ ਬਦਮਸਤਾਂ ਦੀ ਤੂਤੀ ਬੋਲੇ,
ਤੇਰ ਮੈਅਖ਼ਾਨੇ ’ਚ ਆਉਂਦੇ ਭੀ ਹਯਾ ਆਉਂਦੀ ਹੈ|

ਐਨੀ ਪਿਆਸੀ ਹੈ ਹਰਿੱਕ ਰੂਹ ਕਿ ਇਸ ਮਹਿਫ਼ਿਲ ਵਿੱਚ,
ਮੈਅ ਦਾ ਲੁਤਫ਼ ਉਠਾਉਂਦੇ ਭੀ ਹਯਾ ਆਉਂਦੀ ਹੈ|

ਸ਼ਿਕਵਾ ਕਰ ਬੈਠੇ ਸਾਂ ਇਕ ਵਾਰ ਕਿ "ਦੀਪਕ"! ਹੁਣ ਤਕ,
ਯਾਰ ਥੀਂ ਅੱਖ ਮਿਲਾਉਂਦੇ ਭੀ ਹਯਾ ਆਉਂਦੀ ਹੈ|

Thursday, 1 March 2012

ਦੀਪਕ ਤੋਂ ਬਾਅਦ

ਇਹ ਰਚਨਾ ਉਹਨਾਂ ਲਈ ਜੋ "ਦੀਪਕ" ਤੋਂ ਜਾਣੂਂ ਨਹੀਂ ਹਨ...."ਦੀਪਕ" ਕੀ ਸੀ ਤੇ ਕਿਵੇਂ ਉਸਦੀ ਲੋਅ ਨੇ ਲੋਕਾਂ ਦੀ ਜਿੰਦਗੀ ਰੁਸ਼ਨਾਈ .... ਇਕ ਜੀਵਨ ਜਾਚ ਸਿਖਾਉਣ ਵਾਲੀ ਰਚਨਾ...
ਐਸੀ ਬੇਬਾਕੀ ਬੜ੍ਹੀ ਘੱਟ ਦੇਖਣ ਨੂੰ ਮਿਲਦੀ ਹੈ...

ਰਹਿਣੀਆਂ ਹਨ ਮਹਿਫ਼ਿਲਾਂ ਸਭ ਨੇਰ੍ਹੀਆਂ ਦੀਪਕ ਤੋਂ ਬਾਅਦ,
ਕੌਣ ਰੌਸ਼ਨ ਕਰਸੀ ਰਾਤਾਂ ਕਾਲੀਆਂ ਦੀਪਕ ਤੋਂ ਬਾਅਦ|
ਰਿੰਦ ਸਿੱਖਣਗੇ ਸਲੀਕੇ ਮੈਅਕਸ਼ੀ ਦ ਕਿਸ ਤੋਂ ਦੋਸਤ,
ਮ਼ਅਰਫ਼ਤ ਸਿਖਣੀ ਹੈ ਕਿਸ ਤੋਂ ਸੂਫ਼ੀਆਂ ਦੀਪਕ ਤੋਂ ਬਾਅਦ|
ਜਿਸਦੀ ਦਰਵੇਸ਼ੀ ਚੋਂ ਸ਼ਾਹਾਨਾ ਅਦਾ ਦਿਸਦੀ ਹੈ ਸਾਫ਼,
ਕਿਥੋਂ ਲੱਭੂ ਜ਼ਿੰਦਗੀ ਇਹ ਖੂਬੀਆਂ ਦੀਪਕ ਤੋਂ ਬਾਅਦ|
ਹਰ ਬਲਾ ਦੇ ਨਾਲ ਤਕਰਾਉਣਾ ਬੜੀ ਸ਼ਿਦੱਤ ਦੇ ਨਾਲ,
ਇਹ ਮਿਸਾਲਾਂ ਤਾਂ ਨਹੀਂ ਮਿਲਣੀਆਂ ਦੀਪਕ ਤੋਂ ਬਾਅਦ|
ਖੂਨ ਆਪਣਾ ਆਪਣੇਂ ਸ਼ਾਗਿਰਦਾਂ ਨੂੰ ਮਾਂ ਦੇ ਦੁਧ ਵਾਂਗ,
ਕਿਸ ਪਿਲਾਉਣੈਂ ਦੋਸਤ! ਸਹਿ ਕੇ ਤੰਗੀਆਂ ਦੀਪਕ ਤੋਂ ਬਾਅਦ|
ਮੂੰਹ ਲਕੋ ਲੈਂਦੇ ਨੇ ਹੁਣ ਤਾਂ ਵੇਖ ਕੇ ਯਾਰਾਂ ਨੂੰ ਯਾਰੋ,
ਘਰ ਲੁਟਾ ਕੇ ਕੌਣ ਪਾਲੂ , ਯਾਰੀਆਂ ਦੀਪਕ ਤੋਂ ਬਾਅਦ|
ਹੁਣ ਤਾਂ ਹਰ ਸ਼ਾਇਰ ਨੂੰ ਹੈ ਦੌਲਤ ਦੀ ਜਾਂ ਸ਼ੁਹਰਤ ਦੀ ਭੁੱਖ,
ਕੌਣ ਦੱਸੂ ਫ਼ਨ ਦੀਆਂ ਬਾਰੀਕੀਆਂ ਦੀਪਕ ਤੋਂ ਬਾਅਦ|
ਜ਼ਿੰਦਗੀ ਵਿੱਚ ਚਾਪਲੂਸੀ ਕਰਨਗੇ ਪੈਦਾ ਅਦੀਬ,
ਕਿਸਨੇ ਪੈਦਾ ਕਰਨੀਆਂ ਬੇ-ਬਾਕੀਆਂ ਦੀਪਕ ਤੋਂ ਬਾਅਦ|
ਸ਼ਾਇਰੀ ਦੇ ਕਾਤਿਲਾਂ ਦੇਣੀ ਹੈ ਮਾਂ ਬੋਲੀ ਵਿਗਾੜ,
ਕਰਨੀਆਂ ਹਨ ਕਿਸਨੇ ਮੀਨਾਕਾਰੀਆਂ ਦੀਪਕ ਤੋਂ ਬਾਅਦ|
ਸ਼ਾਇਰੀ ਦੇ ਇਸ਼ਕ ਵਿੱਚ, ਦੁਨੀਆ ਤੋਂ ਹੋਕੇ ਬੇ-ਨਿਆਜ਼,
ਕਰਨੀਐਂ ਕਿਸ ਘਰ ਦੀਆਂ ਬਰਬਾਦੀਆਂ ਦੀਪਕ ਤੋਂ ਬਾਅਦ|
ਪੈਦਾ ਹੁੰਦੇ ਰਹਿਣਗੇ ਜੈਤੋਈ! ਗੋ ਸ਼ਾਇਰ ਮਹਾਨ,
ਕਿਸ ਦੇ ਪੱਲੇ ਹੋਣੀਐਂ ਉਸਤਾਦੀਆਂ ਦੀਪਕ ਤੋਂ ਬਾਅਦ|

ਮੁਸ਼ਕਿਲਾਂ ਵਿੱਚ ਜਾਨ

ਖੋਹ ਕੇ ਧੱਕੇ ਨਾਲ ਬੀਨਾਈ ਮਿਰੀ
ਮੁਸ਼ਕਿਲਾਂ ਵਿੱਚ ਜਾਨ ਤੂੰ ਪਾਈ ਮਿਰੀ
ਕਦ ਨਜ਼ਰ ਮਿਰੀ ਗਲਤ ਉੱਠੀ ਸੀ? ਦੋਸਤ
ਫਿਰ ਤੂੰ ਕਿਉਂ ਛੱਡੀ ਨਾ ਰਅਨਾਈ ਮਿਰੀ
ਖੂਨ ਮੇਰਾ; ਮੂੰਹ ਚਿੜਾਉਂਦਾ ਹੈ ਮਿਰਾ
ਸਹਿ ਰਿਹੈਂ ਤੂੰ ਫਿਰ ਵੀ ਰੁਸਵਾਈ ਮਿਰੀ
ਅਜਗਰਾਂ ਵਿੱਚਕਾਰ ਮੈਂ ਘਿਰਿਆਂ ਹਾਂ ਅੱਜ
ਕਰ ਖ਼ਲਾਸੀ ਹੁਣ ਤਾਂ ਹਰਜਾਈ ਮਿਰੀ
ਮੇਰਾ ਕੀ ਜਾਣੈਂ? ਬੁਰਾ ਤੂੰ ਵੱਜਣੈਂ!
ਕਸ਼ਤੀ ਜੇ ਕੰਢੇ ਨਾ ਲਾਈ ਮਿਰੀ
ਇਮਤਿਹਾਨ ਏਨਾ ਨਾ ਲੈ ਹੁਣ ਸਬਰ ਕਰ
ਹੁਣ ਲਬਾਂ ਤੇ ਜਾਨ ਹੈ ਆਈ ਮਿਰੀ
ਤੇਰੀ ਰਹਿਮਤ ਤੇ ਭਰੋਸਾ ਕਰ ਲਿਆ
ਤਂ ਬਣੀਂ ਹਾਲਤ ਇਹ ਦੁਖਦਾਈ ਮਿਰੀ
ਆਸ਼ਕਾਂ ਨੂੰ ਮੂੰਹ ਵਿਖਾਏਂਗਾ ਕਿਵੇਂ?
ਜੇ ਨਾ ਜਾਨ ਉਲਝੀ ਤੂੰ ਸੁਲਝਾਈ ਮਿਰੀ
ਮੈਅਕਸ਼ੀ ਹੈ ਸਿਰਫ਼ ਇਕ ਮੇਰਾ ਕਸੂਰ
ਹੋਰ ਵੇਖੀ ਹੈ ਖ਼ਤਾ ਕਾਈ ਮਿਰੀ
ਮੈਂ ਅਗਰ ਜਿੰਦਾ ਰਹਾਂ? ਕਿਸ ਆਸਰੇ?
ਤੂੰ ਸਮਝਦਾ ਹੀ ਹੈਂ ਕਠਿਨਾਈ ਮਿਰੀ
ਰੌਸ਼ਨੀ ਵੰਡੀ; ਸਿਲਾ ਮਿਲਿਆ ਹਨੇਰ
ਕਦਰ ਦਿਲ ਵਾਲੇ ਨੇ ਇਹ ਪਾਈ ਮਿਰੀ
ਮੈਨੂੰ "ਦੀਪਕ" ਆਖਣੈਂ? ਫਿਰ ਕਿਸ ਨੇ ਯਾਰ
"ਰੌਸ਼ਨੀ" ਜੇ ਤੂੰ ਨਾ ਪਰਤਾਈ ਮਿਰੀ....
..

ਦੌਲਤ ਤਮਾਮ

ਕੁਝ ਕੁ ਹੱਥਾਂ ਵਿੱਚ ਸਿਮਟ ਕੇ ਰਹਿ ਗਈ ਦੌਲਤ ਤਮਾਮ
ਆਮ ਲੋਕਾਂ ਦਾ ਮਗਰ ਹੁਣ ਹੋ ਗਿਐ ਜੀਣਾ ਹਰਾਮ..
ਕੁਝ ਪਿਆਕਾਂ ਤੇ ਹੀ ਬਖ਼ਸ਼ਿਸ਼ ਹੈ ਤੇਰੀ ਹੁਣ ਸਾਕੀਆ!
ਤਰਸਦੇ ਇੱਕ ਛਿੱਟ ਨੂੰ ਹਨ ਮੁੱਦਤਾਂ ਤੋਂ ਰਿੰਦ ਆਮ
ਜ਼ਿੰਦਗੀ; ਪਥਰਾ ਗਈ ਹੈ ਰਹਿ ਗਈ ਹੈ ਬਣ ਕੇ ਬੁੱਤ
ਹੋਰ ਕਿੰਨਾ ਚਿਰ ਚੱਲੂਗਾ ਇਹ ਬੋਦਾ ਨਿਜ਼ਾਮ.
ਖੂਨ ਤੋਂ ਮਹਿੰਗਾ ਪਸੀਨਾ ਚੋ ਕੇ ਭੀ ਭੁੱਖਾ ਹਾਂ ਮੈਂ
ਕਰ ਰਿਹੈ ਅੱਈਆਸ਼ੀਆਂ ਵਿਹਲੜ-ਵਕਾਰਾਂ ਦਾ ਗੁਲਾਮ
ਦੂਰ ਹਟ ਜਓ! ਤੁਸੀਂ ; ਮਜ਼ਹਬ ਪ੍ਰਸਤੋ! ਦੂਰ ਦੂਰ
ਕਾਤਿਲਾਂ; ਨਫ਼ਰਤ ਪ੍ਰਸਤਾਂ ਨੂੰ ਮਿਰਾ ਅੱਜ ਤੋਂ ਸਲਾਮ
ਕਿਉਂ ਦਰਿੰਦਾ ਬਣ ਗਿਐ? ਆਦਮੀ ਇਸ ਦੌਰ ਦਾ
ਆਬਰੂ ਲੁੱਟੇ ਉਹ; ਜਿਸ ਵਹਿਸ਼ਤ ਨੂੰ ਪਾਉਣੀ ਸੀ ਲਗਾਮ!
ਸਾੜ ਸੱਟਣ, ਚਾਰ ਛਿੱਲੜਾਂ ਵਾਸਤੇ ਕਲੀਆਂ ਦਾ ਹੁਸਨ
ਮਾਲੀਆ! ਕੀ ਖ਼ਾਕ ਹੈ? ਗੁਲਸ਼ਨ ’ਚ ਤੇਰਾ ਇੰਤਜ਼ਾਮ
ਖ਼ੂਬ ਹੈ ਇਨਸਾਫ ਤੇਰਾ! ਬੇ ਗੁਨਾਹ ਪਿੰਜਰੇ ’ਚ ਹਨ
ਜੋ ਗੁਨਾਹ ਕਰਦੇ ਨੇ ਉਹਨਾ ਨੂੰ ਤੂੰ ਵੰਡਦਾ ਏਂ ਇਨਾਮ
ਕਾਲੀ ਮੰਡੀ ਦੇ ਸੌਦਾਗਰ ਖੁਦ ਨੂੰ ਪਤਵੰਤੇ ਕਹਾਉਣ
ਪਰ ਗਿਣੇ ਜਾਂਦੇ ਨੇ "ਦੀਪਕ" ਜਹੇ ਸ਼ਾਇਰ ਬਦਕਲਾਮ

ਇਹ ਦੁਨੀਆ ਅਸੀਂ ਕਰਨ ਆਬਾਦ ਨਿਕਲੇ


ਇਹ ਦੁਨੀਆ ਅਸੀਂ ਕਰਨ ਆਬਾਦ ਨਿਕਲੇ
ਮਗਰ ਹੋਕੇ ਦੁਨੀਆ ’ਚੋਂ ਬਰਬਾਦ ਨਿਕਲੇ
ਮੁਹੱਬਤ ’ਚ ਮਰ ਜਾਵਾਂ ਪਰ ਮੇਰੇ ਲਬ ’ਚੋਂ
ਨਾ ਹੀ ਆਹ ਨਿਕਲੇ , ਨਾ ਫ਼ਰਿਆਦ ਨਿਕਲੇ
ਮਚਲਦੀ ਹੈ ਰਹਿ ਰਹਿ ਕੇ ਦਿਲ ਵਿੱਚ ਤਮੰਨਾ
ਕਿਵੇਂ ਮੇਰੇ ਗੁਲਸ਼ਨ ’ਚੋਂ ਸਈਆਦ ਨਿਕਲੇ
ਰਿਹੈ ਜਿਸਮ ਦੀ ਕੈਦ ਵਿੱਚ ਉਮਰ ਭਰ ਦਿਲ!
ਮਗਰ ਫ਼ਿਰ ਭੀ ਆਜ਼ਾਦ ਅਰਮਾਨ ਨਿਕਲੇ
ਮਿਰਾ ਕਤਲ ਹੋਣਾ ਸੀ ਆਖ਼ੀਰ ਹੋਇਆ
ਮਿਰੇ ਹਮਸਫ਼ਰ ਯਾਰ ਗੱਦਾਰ ਨਿਕਲੇ
ਗਏ ਹੱਸਦੇ ਬਜ਼ਮ ’ਚੋਂ ਰਿੰਦ ਅਕਸਰ
ਅਸੀਂ ਆਪਣਾ ਦਿਲ ਲੈ ਕੇ ਨਾਸਾਦ ਨਿਕਲੇ
ਨਿਕਲ ਨ ਸਕੀ ਜ਼ਹਿਨ ’ਚੋਂ ਤੇਰੀ ਸੂਰਤ
ਨਾ ਹੀ ਮਿਰੇ ਦਿਲ ’ਚੋਂ ਤੇਰੀ ਯਾਦ ਨਿਕਲੀ
ਜਿੰਨਾ ਨੂੰ ਮੈਂ ਸ਼ਾਗਿਰਦ ਆਪਣਾ ਬਣਾਇਆ
ਉਹ ਸ਼ਾਗਿਰਦ ਮੇਰੇ ਵੀ ਉਸਤਾਦ ਨਿਕਲੇ
ਹਿਤੈਸ਼ੀ ਨਹੀ ਕਰ ਸਕੇ ਕੋਈ ਚਾਰਾ
ਵਿਰੋਧੀ ਮੇਰੀ ਕਰਨ ਇਮਦਾਦ ਨਿਕਲੇ
ਗ਼ਮਾਂ ਦੀ ਕਹਾਣੀ ਸੁਣਵੇ ਜੇ ਕੋਈ
ਕਹਾਣੀ ਓਹ ਮੇਰੀ ਰੂਦਾਦ ਨਿਕਲੇ
ਉਹ ਕੀ ਸ਼ਿਅਰ ਹੋਇਆ? ਜੇ ਸੁਣ ਕੇ ਐ ਦੀਪਕ
ਦਿਲਾਂ ’ਚੋਂ ਨਾ ਬੇ-ਸਾਖ਼ਤਾ ਦਾਦ ਨਿਕਲੇ

ਰੂਦਾਦ: ਹਾਲਤ ਦਾ ਬਿਆਨ
ਬੇ-ਸਾਖ਼ਤਾ: ਸੁਭਾਵਿਕ