Friday, 16 March 2012

ਇਕ ਟੋਟਾ ਜਿਗਰ ਮੇਰੇ ਦਾ - meri maa

ਇਕ ਟੋਟਾ ਜਿਗਰ ਮੇਰੇ ਦਾ ਜਾਹਨੋਂ ਤੁਰ ਗਿਆ
ਤੁਰ ਗਿਆ ਸੋ ਹੋ ਗਿਆ ਏ ਸੁਰਖਰੂ

ਦੂਸਰਾ ਫਿਰਦਾ ਏ ਵਣ ਵਣ ਭਟਕਦਾ
ਕੀ ਪਤਾ ਉਹ ਫੇਰ ਕਦ ਵਿਹੜੇ ਵੜੂ
ਸੁਖ ਰੱਖ ਸਤਿਗੁਰੂ

ਉਹ ਜਿਹੜਾ ਵਿਚਕਾਰਲਾ
ਉਂਜ ਤਾਂ ਜਿਉਂਦਾ ਰਵੇ, ਵਸਦਾ ਰਵੇ
ਪਰ ਨਮੋਹਾ ਸੁਹਲ ਬਹੁਤਾ ਨਿਕਲਿਆ
ਅਖੇ ਮੇਰੇ ਪੈਰ ਸੜਦੇ
ਏਸ ਤਪਦੀ ਧਰਤੀ 'ਤੇ
ਜੂਹ ਪਰਾਈ ਵੜ ਗਿਆ
ਆਪਣੇ ਹਿੱਸੇ ਦੀ ਤਪਦੀ ਰੇਤ ਮਿੱਟੀ ਵੇਚ ਕੇ
ਰਾਤ ਗੱਡੀ ਚੜ ਗਿਆ

ਰਹਿ ਗਈ ਏਥੇ ਮੈਂ ਕਾਗ ਉਡਾਉਣ ਨੂੰ
ਤਪ ਰਹੀ ਧਰਤੀ 'ਤੇ ਔਸੀਆਂ ਪਾਉਣ ਨੂੰ
ਇਹ ਜੋ ਛੋਟੇ ਨੇ
ਬਲੌਰਾਂ ਹਾਣ ਦੇ
ਉਹ ਮੇਰੀ ਛਾਤੀ ਤੇ ਰੱਖੇ
ਪੱਥਰਾਂ ਦੇ ਬੋਝ ਨੂੰ
ਸ਼ੁਕਰ ਹੈ ਰੱਬ ਦਾ
ਅਜੇ ਨਹੀਂ ਜਾਣਦੇ

ਸਿਰ ਦਾ ਸਾਈਂ
ਹੋਂਦ ਦੀ ਸੀਮਾ ਤੋਂ ਪਾਰ
ਓਸ ਦੇ ਬਸ ਬੋਲ ਚੇਤੇ ਰਹਿ ਗਏ
ਜਾਂ ਕਦੀ ਰਾਤਾਂ ਨੂੰ ਮੈਂ
ਪੌੜ ਇਕ ਬੇਚੈਨ ਘੋੜੇ ਦੇ ਸੁਣਾਂ

ਦੂਰ ਇਕ ਦਰਵੇਸ਼ ਗਾਉਂਦੇ ਦੀ ਆਵਾਜ਼
ਰੋਂਦੇ ਦਰਿਆਵਾਂ ਦਾ ਸ਼ੋਰ

ਅੱਕ ਲਗਦੀ ਏ ਤਾਂ ਦੇਖਾਂ
ਸਾਵੇ ਪੱਤੇ ਸੜ ਰਹੇ
ਆਲਣੇ ਛੱਡ ਛੱਡ ਕੇ ਪੰਛੀ ਉੜ ਰਹੇ
ਰੁਖ ਵੀ ਧਰਤੀ ਤੋਂ ਹਿਜ਼ਰਤ ਕਰ ਰਹੇ

ਤ੍ਰਭਕ ਕੇ ਉਠਾਂ ਡਰਾਉਣੇ ਖਾਬ ਚੋਂ
ਨਿੱਕਿਆਂ ਦੇ ਮੁੱਖ ਟੋਹਵਾਂ
ਚਿੱਤ ਨੂੰ ਧਰਵਾਸ ਦੇਵਾਂ

ਸ਼ੁਕਰ ਹੈ ਸਿਰ ਤਾਰਿਆਂ ਦਾ ਥਾਲ ਹੈ
ਜ਼ਹਿਰ ਦਾ ਇਹ ਪਹਿਰ ਓੜਕ ਬੀਤਣਾ
ਅੰਤ ਅੰਮਿ੍ਤ ਵੇਲਾ ਹੋਵਣਹਾਰ ਹੈ
ਪੌਣ ਵਿਚ ਬਾਣੀ ਘੁਲੇਗੀ
ਪੱਤੇ ਥਿਰਕਣਗੇ ਸੁਰਾਂ ਦੇ ਵਾਂਗਰਾਂ
ਰੁੱਖ ਸ਼ਾਮਲ ਹੋਣਗੇ ਅਰਦਾਸ ਵਿਚ............!!

ਮੈਂ ਕਿਉਂ ਡਰਦਾ ਉਲਝਣੋਂ ਤਲਵਾਰਾਂ ਦੇ ਨਾਲ

ਮੈਂ ਕਿਉਂ ਡਰਦਾ ਉਲਝਣੋਂ ਤਲਵਾਰਾਂ ਦੇ ਨਾਲ
ਚਾਰ ਦਿਨਾਂ ਦੀ ਜਿੰਦਗੀ ਮੌਤ ਹਜਾਰਾਂ ਸਾਲ

ਕੱਢਾਂ ਏਸ ਨਰੇਲ ਚੋਂ ਮਿੱਟੀ ਦੁੱਧ ਸਵੇਰ
ਚੀਰਾਂ ਅੱਧੀ ਰਾਤ ਨੂੰ ਚੀਕ ਦੇ ਚਾਕੂ ਨਾਲ

ਖੇਡੋਗੇ ਸ਼ਤਰੰਜ ਜੇ ਮਰ ਚੁੱਕਿਆਂ ਦੇ ਨਾਲ
ਆਪ ਹੀ ਚੱਲਣੀ ਪਵੇਗੀ ਓਨਾਂ ਦੀ ਵੀ ਚਾਲ

ਦੂਜੇ ਰੋਜ ਦਹਾੜਦਾ, ਦਿਨ ਸੀ ਚਾਰ ਪਹਾੜ ਦਾ
ਰਾਤੀਂ ਤਾਰੇ ਰੁੜ ਗਏ, ਦਰਿਆਵਾਂ ਦੇ ਨਾਲ

ਪੁੰਨ ਸੀ ਖਬਰੇ ਪਾਪ ਸੀ, ਜਾਂ ਫਿਰ ਅੱਲਾ ਆਪ ਸੀ
ਘਰ ਦੀ ਸਰਦਲ ਟੱਪ ਗਈ ਦਰਿਆਵਾਂ ਦੀ ਚਾਲ

ਜੰਗਲ ਪੀਲਾ ਜਰਦ ਸੀ, ਅਸਮਾਨਾਂ ਤੇ ਗਰਦ ਸੀ
ਪੌਣਾਂ ਵਿੱਚ ਸੀ ਉਲਝਿਆ, ਸਾਹਾਂ ਦਾ ਜੰਜਾਲ

ਪਰੇਤ ਸੀ ਖਬਰੇ ਪੌਣ ਸੀ, ਭੇਤ ਨਹੀਂ ਕੁਛ ਕੌਣ ਸੀ
ਰਹਿੰਦਾ ਸੀ ਕੁਛ ਹੌਂਕਦਾ, ਰਲ ਕੇ ਸਾਹਾਂ ਨਾਲ

ਉੱਗੇ ਪੱਤੇ ਤੋੜ ਲੈ, ਗਿਣ ਗਿਣ ਕੇ ਛਿਣ ਮੋੜ ਲੈ
ਲੈ ਸਾਹਾਂ ਤੋਂ ਤੋੜ ਲੈ, ਮਹਿਕਾਂ ਦਾ ਜੰਜਾਲ

ਮੈਂ ਕਿਉਂ ਪੱਥਰ ਹੋ ਗਿਆ, ਤੂੰ ਕਿਉਂ ਪਾਣੀ ਹੀ ਰਿਹਾ
ਰਿਸ਼ਮਾਂ ਦੀ ਤਲਵਾਰ ਤੂੰ ਮੈਂ ਕਿਉਂ ਬਣ ਗਿਆ ਢਾਲ

ਜਿਸ ਦਿਨ ਮੈਂ ਮਜਲੂਮ ਸਾਂ,ਉਸ ਦਿਨ ਨਜਮ ਆਸਾਨ ਸੀ
ਹੁਣ ਕੁਝ ਮੇਰਾ ਆਖਣਾ ਹੋ ਗਿਆ ਅੱਤ ਮੁਹਾਲ

ਦਰਦ ਥਕਾਵਟ ਬੇਬਸੀ, ਰੂਹ ਦੀ ਨਾਲੇ ਜਿਸਮ ਦੀ
ਮੈਥੋਂ ਚੱਲ ਨਹੀਂ ਹੋਂਵਦਾ, ਸਭ ਕੁੱਝ ਲੈ ਕੇ ਨਾਲ

ਨਿੱਤਰਿਆ ਨਾ ਮੈਂ ਕਦੇ, ਗੰਧਲੇ ਗੰਧਲੇ ਹੀ ਰਹੇ
ਪਾਣੀ ਮੇਰੀ ਸੋਚ ਦੇ ਮੇਰਿਆਂ ਅਕਸਾਂ ਨਾਲ

ਪੈਰ ਸੀ ਉਸਦੇ ਅੱਗ ਦੇ , ਪਰ ਮੈਂ ਵਿਛਿਆ ਹੀ ਰਿਹਾ
ਚਲਦੀ ਤੱਤੀ ਪੌਣ ਸੀ ਮੋਰਨੀਆਂ ਦੀ ਚਾਲ

ਡੁਬ ਜਾਣਾ ਸੀ ਚੰਦ ਨੇ, ਛੁਪ ਜਾਣਾ ਸੀ ਤਾਰਿਆਂ
ਚੰਗੇ ਵੇਲੇ ਪਾ ਲਿਆ, ਮੈਂ ਸ਼ਬਦਾਂ ਦਾ ਜਾਲ

ਰਹਿ ਗਿਆ ਨਾਲ ਕਿਤਾਬ 'ਤੇ, ਜਾਂ ਫਿਰ ਧੱਬਾ ਨਾਮ 'ਤੇ
ਮੈਂ ਤਾਂ ਤੋੜ ਕੇ ਆ ਗਿਆ, ਪੌਣਾਂ ਦਾ ਜੰਜਾਲ

ਲੱਖ ਸਫਾ ਮੈਂ ਫੋਲਿਆ, ਕਿਤਓਂ ਵੀ ਨਾ ਲੱਭਿਆ
ਤਾਂ ਹੀ ਲਿਖਣਾ ਪੈ ਗਿਆ, ਅਪਣੇ ਜੀ ਦਾ ਹਾਲ

ਕਾਲੀ ਨੀਂਦਰ ਸੌਂ ਰਹੇ, ਖੰਜਰ ਸਨ ਬਰੜਾਂਵਦੇ
ਕਿੰਨੀ ਵਾਰੀ ਤਰਭਕ ਕੇ ਉੁਠੀ ਰੂਹ ਦੀ ਢਾਲ

ਉਸ ਦੀ ਨੀਂਦ ਚੋਂ ਚੀਰ ਕੇ, ਵਰਕਾ ਸੂਹੇ ਖਾਬ ਦਾ
ਖਤ ਲਿਖਿਆ ਅਮਿਤੋਜ ਨੂੰ, ਲਿਖਿਆ ਹੰਝੂਆਂ ਨਾਲ to be continue

ਅਜਕਲ ਸਾਡੇ ਅੰਬਰਾਂ ਉੱਤੇ

ਅਜਕਲ ਸਾਡੇ ਅੰਬਰਾਂ ਉੱਤੇ ਚੜਦਾ ਚੰਨ ਚਵਾਨੀ
ਕਾਹਦਾ ਮਾਣ ਦਵਾਨੀ ਪਿੱਛੇ ਚੱਲੀ ਬੀਤ ਜਵਾਨੀ

ਮੰਗਲ ਸੂਤਰ ਦੇ ਵਿੱਚ ਕਿਹੜਾ ਡਕ ਸਕਦਾ ਏ ਨਦੀਆਂ
ਕਿਹੜਾ ਪਾ ਸਕਦਾ ਏ ਚੰਦਰੇ ਮਨ-ਪੰਛੀ ਗਲ ਗਾਨੀ

ਟਪ ਜਾਂਦੀ ਹੈ ਹੱਦਾਂ ਬੰਨੇ ਹੜ ਦੀ ਤੇਜ ਰਵਾਨੀ
ਰੁਲਦੀ ਰਹਿ ਜਾਏ ਖੁਰੀਆਂ ਵਾਂਗੂੰ ਪਿਛਲੀ ਪਿਆਰ-ਨਿਸ਼ਾਨੀ

ਪਹਿਲਾਂ ਜੋ ਵੀ ਦਿਲ ਵਿੱਚ ਆਇਆ ਗੌਂਦੀ ਸੀ ਸ਼ਹਿਨਾਈ
ਫਿਰ ਸ਼ਹਿਨਾਈ ਦੇ ਗਲ ਅੰਦਰ ਫਸ ਗਈ ਇੱਕ ਅਠਿਆਨੀ

ਓਹੀ ਵਿੱਚ ਕਲੇਜੇ ਲੱਗੀ, ਉਸ ਦੀ ਕਲਮ ਬਣਾਈ
ਜਿਹੜੀ ਮਿਰਜੇ ਜੱਟ ਨੇ ਮਾਰੀ ਵਿੱਚ ਅਸਮਾਨ ਦੇ ਕਾਨੀ

Thursday, 15 March 2012

ਕੀ ਖਬਰ ਸੀ

ਕੀ ਖਬਰ ਸੀ ਜੱਗ ਤੇਨੂੰ ਇਸ ਤਰਾਂ ਭੁੱਲ ਜਾਇਗਾ
ਡਾਕ ਨਿਤ ਆਏਗੀ ਤੇਰੇ ਨਾਂ ਦਾ ਖਤ ਨਾ ਆਇਗਾ

ਤੂੰ ਉਸੇ ਨੂੰ ਚੁੱਕ ਲਵੇਂਗਾ ਤੇ ਪੜੇਂਗਾ ਖਤ ਦੇ ਵਾਂਗ
ਕੋਈ ਸੁੱਕਾ ਪੱਤਾ ਟੁੱਟ ਕੇ ਸਰਦਲਾਂ ਤਕ ਆਇਗਾ

ਰੰਗ ਕੱਚੇ ਸੁਰਖੀਆਂ ਹੋਵਣਗੀਆਂ ਅਖਬਾਰ ਦੀਆਂ
ਤੇਰੇ ਡੁੱਲੇ ਖੂਨ ਦੀ ਕੋਈ ਖਬਰ ਤਕ ਨਾ ਲਾਇਗਾ

ਰੇਡੀਓ ਤੋਂ ਨਸ਼ਰ ਨਿਤ ਹੋਵੇਗਾ ਦਰਿਆਵਾਂ ਦਾ ਸ਼ੋਰ
ਪਰ ਤੇਰੇ ਥਲ ਤੀਕ ਕਤਰਾ ਨੀਰ ਦਾ ਨਾ ਆਇਗਾ

ਰਹਿਣਗੇ ਵੱਜਦੇ ਸਦਾ ਟੇਪਾਂ ਦੇ ਵਿੱਚ ਪੱਛਮ ਦੇ ਗੀਤ
ਸ਼ਹਿਰ ਦੀ ਰੋਂਦੀ ਹਵਾ ਦਾ ਜਿਕਰ ਤਕ ਨਾ ਆਇਗਾ

ਇਸ ਤਰਾਂ ਸਭ ਝੁਲਸ ਜਾਵਣਗੇ ਤੇਰੇ ਰੀਝਾਂ ਦੇ ਬਾਗ
ਮੋਹ ਦੀ ਸੰਘਣੀ ਛਾਂ ਦਾ ਤੈਨੂੰ, ਖਾਬ ਤਕ ਨਾ ਆਇਗਾ

ਤੂੰ ਭਲਾ ਕੀ ਕਰ ਸਕੇਂਗਾ ਔੜ ਦਾ ਕੋਈ ਇਲਾਜ
ਹੰਝੂ ਇੱਕ ਆਏਗਾ , ਉਹ ਵੀ ਪਲਕ ਤੇ ਸੁਕ ਜਾਇਗਾ

ਸੜਕ ਤੇ ਵੇਖੇਂਗਾ ਨੰਗੇ ਪੈਰ ਭੱਜਦੀ ਛਾਂ ਜਿਹੀ
ਇਹ ਮੁਹੱਬਤ ਹੈ ਜਾਂ, ਯਾਦ ਕੁਛ ਕੁਛ ਆਇਗਾ

ਕਿਸੇ ਦਾ ਸੂਰਜ ਕਿਸੇ ਦਾ ਦੀਵਾ ਕਿਸੇ ਦਾ ਤੀਰ ਕਮਾਨ

ਕਿਸੇ ਦਾ ਸੂਰਜ ਕਿਸੇ ਦਾ ਦੀਵਾ ਕਿਸੇ ਦਾ ਤੀਰ ਕਮਾਨ
ਸਾਡੀ ਅੱਖ ਚੋਂ ਡਿਗਦਾ ਹੰਝੂ ਸਾਡਾ ਚੋਣ-ਨਿਸ਼ਾਨ

ਤਾਨਸੇਨ ਤੋਂ ਬਾਪ ਦਾ ਬਦਲਾ ਬੈਜੂ ਲੈਣ ਗਿਆ
ਤਾਨ ਸੁਣੀ ਤਾਂ ਕਿਰ ਗਈ ਹੱਥੋਂ ਹੰਝੂ ਕਿਰਪਾਨ

ਕਾਲੀ ਰਾਤ ਵਰਾਨੇ ਟਿੱਲੇ ਏਦਾਂ ਬਰਸੇ ਮੀਂਹ
ਜਿਉਂ ਕੋਈ ਅਧਖੜ ਔਤ ਜਨਾਨੀ ਨਾਵੇ ਵਿੱਚ ਸ਼ਮਸ਼ਾਨ

ਰਾਤ ਟਿਕੀ ਵਿੱਚ ਰੋਵੇ ਸ਼ਾਇਰ ਜਾਂ ਲੱਕੜ ਦਾ ਖੂਹ
ਦੋਹਾਂ ਉੱਤੇ ਹੱਸੀ ਜਾਵੇ ਅੱਜ ਦਾ ਜੱਗ ਜਹਾਨ

ਟਿੰਡਾਂ ਦੇ ਵਿੱਚ ਗੁਟਕੂੰ ਬੋਲੇ ਕਦੀ ਨਾ ਚੱਲੇ ਖੂਹ
ਟਿੰਡਾਂ ਵਿੱਚ ਮੇਰੇ ਬਚੜੇ ਸੁੱਤੇ ਬੱਚੜਿਆਂ ਵਿੱਚ ਜਾਨ

ਧੁਖਦੀ ਧਰਤੀ, ਤਪਦੇ ਪੈਂਡੇ, ਸੜਦੇ ਰੱਬ ਦੇ ਜੀਅ
ਸ਼ਾਇਦ ਓਹੀ ਰੱਬ ਹੈ ਜਿਹੜਾ ਚੁੱਪ ਲਿਸ਼ਕੇ ਅਸਮਾਨ

ਅਮ੍ਰਿਤ ਵੇਲਾ

ਅਮ੍ਰਿਤ ਵੇਲਾ
ਨੂਰ ਪਹਿਰ ਦਾ ਤੜਕਾ,
ਮੂੰਹ ਹਨੇਰਾ,
ਪਹੁ ਫੁਟਾਲਾ
ਧੰਮੀ ਵੇਲਾ, ਛਾਹ ਵੇਲਾ,
ਸੂਰਜ ਸਵਾ ਨੇਜ਼ੇ
ਟਿਕੀ ਦੁਪਹਿਰ, ਤੀਜਾ ਪਹਿਰ
ਲੌਢਾ ਵੇਲਾ , ਡੀਗਰ ਵੇਲਾ
ਲੋਏ ਲੋਏ ,ਸੂਰਜ ਖੜੇ ਖੜੇ
ਤਰਕਾਲਾਂ , ਡੂੰਘੀਆਂ ਸ਼ਾਮਾਂ, ਆਥਣ,
ਦੀਵਾ ਬੱਤੀ
ਕੌਲਾ ਸੋਟਾ, ਢਲੀਆਂ ਖਿੱਤੀਆਂ
ਤਾਰੇ ਦਾ ਚੜਾ,
ਚਿੜੀ ਚੂਕਣਾ, ਸਾਝਰਾ, ਸਵਖਤਾ,
ਵੱਡਾ ਵੇਲਾ
ਸਰਘੀ ਵੇਲਾ,
ਘੜੀਆਂ , ਪਲ,
ਬਿੰਦ, ਛਿਨ ਨਿਮਖ ਵਿਚਾਰੇ
ਮਾਰੇ ਗਏ ਇਕੱਲੇ time ਹਥੋਂ ਇਹ ਸ਼ਬਦ ਸਾਰੇ,

ਕੁੱਤੇ ਦੀ ਟਿਕ ਟਿਕ
ਚੰਨੇ ਦਾ ਬੋਹਲਾ
ਗ੍ਹਾਹਦੀ ਦੇ ਬੂਟੇ
ਕਾਂਜਢ਼, ਨਿਸਾਰ, ਚਕ੍ਲੀਆਂ, ਮੂਹਡੇ
ਭਰ ਭਰ ਡੁਲਦੀਆਂ ਟਿੰਡਾਂ
ਇਹਨਾ ਸਭਨਾ ਤਾਂ ਰੁੜ ਹੀ ਜਾਣਾ ਸੀ tubewell ਦੀ ਧਾਰ ਵਿਚ
ਮੈਨੂੰ ਕੋਈ ਹੈਰਾਨੀ ਨਹੀ,
ਹੈਰਾਨੀ ਤਾ ਇਹ ਹੈ ਕੇ
ਅੰਮੀ ਤੇ ਅੱਬਾ ਵੀ ਨਹੀ ਰਹੇ
ਬੀਜੀ ਤੇ ਭਾਪਾ ਜੀ ਵੀ ਤੁਰ ਗਏ
ਦਦੇਸਾਂ , ਫ਼ਫੇਸਾਂ ਮਮੇਸਾਂ ਨਨੇਸਾਂ ਦੀ ਤਾਂ ਗੱਲ ਈ ਨਾ ਕਰੋ,
ਹੋਰ ਕਿੰਨੇ ਰਿਸ਼ਤੇ ਇਕੱਲੇ uncle ਤੇ aunti ਨੇ ਕਰ ਦਿੱਤੇ ਹਾਲੋਂ ਬੇਹਾਲ
ਤੇ ਕਲ ਕਹਿ ਰਿਹਾ ਸੀ ਪੰਜਾਬ ਦੇ ਵਿਹੜੇ ਇਕ ਛੋਟਾ ਜਿਹਾ ਬਾਲ
ਪਾਪਾ ਆਪਣੇ ਟ੍ਰੀ ਦੇ ਸਾਰੇ leaves ਕਰ ਰਹੇ ਨੇ fall ,
ਹਾਂ ਪੁੱਤਰ ਆਪਣੇ ਟ੍ਰੀ ਦੇ ਸਾਰੇ leaves ਕਰ ਰਹੇ ਨੇ fall ,
ਮਰ ਰਹੀ ਹੈ ਆਪਣੀ ਭਾਸ਼ਾ ਪੱਤਾ ਪੱਤਾ ਸ਼ਬਦ ਸ਼ਬਦ

ਚੰਨ-ਮੁੱਖ ਹਾਂ

ਚੰਨ-ਮੁੱਖ ਹਾਂ, ਸੀਨੇ ਲਾ, ਸਿਮਟਣ ਵੀ ਦੇ,
ਚਾਨਣੀਂ ਹਾਂ ਦੂਰ ਤੱਕ ਬਿਖਰਨ ਵੀ ਦੇ..||

ਪਕੜ ਰੱਖ ਜੋ ਉੱਗ ਸਕਾਂ ਤੇ ਖਿੜ ਸਕਾਂ,
ਮੁਕਤ ਵੀ ਕਰ, ਮਹਿਕ ਨੂੰ ਫੈਲਣ ਵੀ ਦੇ..||

ਤਪਿਸ਼ ਬਿਨ੍ਹ, ਸ਼ਿੱਦਤ ਬਿਨ੍ਹ ਕੀ ਬਰਸਣਾਂ,
ਮੈਨੂੰ ਕੁਝ ਗਰਜਣ ਵੀ ਦੇ, ਲਿਸ਼ਕਣ ਵੀ ਦੇ..||

ਨੀਰ, ਅੰਬਰ, ਪੌਣ ਤੋਂ ਨਿਖੜਣ ਵੀ ਦੇ,
ਛੱਡ ਜ਼ਰਾ ਮੈਨੂੰ ਤੂੰ ਕੁਝ ਸੋਚਣ ਵੀ ਦੇ..||

ਕਿਸੇ ਦੇ ਜਿਸਮ ਵਿੱਚ ਕਿੰਨ੍ਹੇ ਕੁ ਡੂੰਘੇ ਲੱਥ ਜਾਓਗੇ,

ਕਿਸੇ ਦੇ ਜਿਸਮ ਵਿੱਚ ਕਿੰਨ੍ਹੇ ਕੁ ਡੂੰਘੇ ਲੱਥ ਜਾਓਗੇ,
ਕਿ ਆਖ਼ਰ ਲਾਸ਼ ਵਾਂਗੂੰ ਸਤਹ ਉੱਤੇ ਤੈਰ ਆਓਗੇ..||

ਜੇ ਨੀਲੀ ਰਾਤ ਨੂੰ ਪਾਣੀਂ ਸਮਝ ਕੇ ਬਣ ਗਏ ਕਿਸ਼ਤੀ,
ਨਮੋਸ਼ੀ ਬਾਦਬਾਨਾਂ ਦੀ ਦਿਨੇ ਕਿੱਥੇ ਛੁਪਾਓਗੇ..||

ਕਦੀ ਝਾਂਜਰ, ਕਦੀ ਖ਼ੰਜਰ, ਕਦੀ ਹਾਸਾ, ਕਦੀ ਹਉਕਾ,
ਛਲਾਵੀ ਪੌਣ ਤੋਂ ਰਾਤੀਂ ਭੁਲੇਖੇ ਬਹੁਤ ਖਾਓਗੇ..||

ਜਦੋਂ ਥਮ ਜਾਇਗਾ ਠੱਕਾ, ਜਦੋਂ ਹਟ ਜਾਇਗੀ ਬਾਰਿਸ਼,
ਜਦੋਂ ਚੜ੍ਹ ਆਇਗਾ ਸੂਰਜ ਤੁਸੀਂ ਵੀਂ ਪਹੁੰਚ ਜਾਓਗੇ..||

ਮੈਂ ਰੇਤਾ ਹਾਂ ਮੈਂ ਆਪਣੀ ਆਖ਼ਰੀ ਤਹਿ ਤੀਕ ਰੇਤਾ ਹਾਂ,
ਮੇਰੇ ’ਚੋਂ ਨੀਰ ਲਭਦੇ ਖ਼ੁਦ ਤੁਸੀਂ ਰੇਤ ਹੋ ਜਾਓਗੇ..||

ਇਹ ਉਦਾਸੀ , ਧੁੰਦ , ਇਹ ਸਭ ਕੁਝ ਕਿ ਜੋ ਚੰਗਾ ਨਹੀਂ

ਇਹ ਉਦਾਸੀ , ਧੁੰਦ , ਇਹ ਸਭ ਕੁਝ ਕਿ ਜੋ ਚੰਗਾ ਨਹੀਂ
ਮੈਂ ਉਦੈ ਹੋਣਾ , ਸਦਾ ਇਸ ਵਿਚ ਘਿਰੇ ਰਹਿਣਾ ਨਹੀਂ

ਕੁਫ਼ਰ , ਬਦੀਆਂ , ਖ਼ੌਫ਼ ਕੀ ਕੀ ਏਸ ਵਿਚ ਘੁਲਿਆ ਪਿਆ
ਮੇਰੇ ਦਿਲ ਦਰਿਆ ਤੋਂ ਵਧ ਦਰਿਆ ਕੋਈ ਗੰਧਲਾ ਨਹੀਂ

ਮੈਂ ਦਲੀਲਾਂ ਦੇ ਰਿਹਾਂ , ਖਪ ਰਿਹਾਂ , ਕੁਰਲਾ ਰਿਹਾਂ
ਪਰ ਅਜੇ ਰੂਹ ਦੀ ਅਦਾਲਤ ਚੋਂ ਬਰੀ ਹੋਇਆ ਨਹੀਂ

ਅਚਨਚੇਤੀ ਮੇਰੇ ਦਿਲ ਵਿਚ ਸੁਲਗ ਉਠਦਾ ਹੈ ਕਦੇ
ਹਾਲੇ ਤਕ ਮਕਤੂਲ ਮੇਰੇ ਦਾ ਸਿਵਾ ਠਰਿਆ ਨਹੀਂ

ਸ਼ੁਹਰਤਾਂ ਦੇ ਮੋਹ ਅਤੇ ਬਦਨਾਮੀਆਂ ਦੇ ਖ਼ੌਫ਼ ਤੋਂ
ਮੁਕਤ ਹੋ ਕੇ ਮੈਂ ਅਜੇ ਸਫਿਆਂ 'ਤੇ ਵਿਛ ਸਕਿਆ ਨਹੀਂ

ਮੇਰੀ ਰਚਨਾ ਇਸ ਤਰ੍ਹਾਂ ਹੈ , ਜਿਸ ਤਰ੍ਹਾਂ ਦੀਵਾਰ 'ਤੇ
ਬੂਹਿਆਂ ਦੀਆਂ ਮੂਰਤਾਂ ਨੇ , ਪਰ ਕੋਈ ਬੂਹਾ ਨਹੀਂ

ਰੁੱਖ ਦੀਆਂ ਲਗਰਾਂ ਨੇ ਐਵੇਂ ਵਿਚ ਹਵਾ ਦੇ ਕੰਬਦੀਆਂ
ਇਹ ਕਿਸੇ ਥਾਂ ਜਾਣ ਦਾ ਕੋਈ ਦਸਦੀਆਂ ਰਸਤਾ ਨਹੀਂ

ਅਗਲਿਆਂ ਰਾਹਾਂ ਦਾ ਡਰ , ਇਸ ਥਾਂ ਦਾ ਮੋਹ , ਇਕ ਇੰਤਜ਼ਾਰ
ਬਿਰਖ ਤੋਂ ਬੰਦਾ ਅਜੇ ਤਕ ਹਾਇ ਮੈਂ ਬਣਿਆ ਨਹੀਂ

ਸ਼ੋਰ ਦੇ ਦਰਿਆ 'ਤੇ ਪੁਲ ਹੈ ਬੰਸਰੀ ਦੀ ਹੂਕ , ਪਰ
ਬੋਝ ਦਿਲ 'ਤੇ ਹੈ ਜੋ ਇਸ ਤੋਂ ਝੱਲਿਆ ਜਾਣਾ ਨਹੀਂ

ਲਾਟ ਬਣ ਜਗਿਆ ਨਹੀਂ , ਧੁਖਣੋਂ ਵੀ ਪਰ ਹਟਿਆ ਨਹੀਂ
ਦਿਲ ਤੋਂ ਮੈਂ ਏਸੇ ਲਈ ਮਾਯੂਸ ਵੀ ਹੋਇਆ ਨਹੀਂ

ਤੇਰਿਆਂ ਰਾਹਾਂ ਤੇ ਗੂੜ੍ਹੀ ਛਾਂ ਤਾਂ ਬਣ ਸਕਦਾ ਹਾਂ ਮੈਂ
ਮੰਨਿਆ ਸੂਰਜ ਦੇ ਰਸਤੇ ਨੂੰ ਬਦਲ ਸਕਦਾ ਨਹੀਂ

ਉਹ ਨੇ ਭੁੱਖੇ ਤੇ ਉਨ੍ਹਾਂ ਨੂੰ ਭੁੱਖਿਆਂ ਦਾ ਖ਼ੌਫ਼ ਹੈ
ਨੀਂਦ ਇਸ ਨਗਰੀ 'ਚ ਕੋਈ ਚੈਨ ਦੀ ਸੌਂਦਾ ਨਹੀਂ

ਪੈੜ ਦਾ ਹਰਫ਼

ਪੈੜ ਦਾ ਹਰਫ਼ ਕਦੋਂ ਥਲ 'ਤੇ ਲਿਖਣ ਦੇਂਦਾ ਏ
ਰੇਤ ਦਾ ਸੇਕ ਕਦੋਂ ਪੈਰ ਟਿਕਣ ਦੇਂਦਾ ਏ

ਤੋੜ ਲੈ ਜਾਣਗੇ ਲੋਕੀਂ ਜੇ ਨਾ ਤੋੜੇਗੀ ਹਵਾ
ਕੌਣ ਫੁੱਲਾਂ ਨੂੰ ਘੜੀ ਪਹਿਰ ਟਿਕਣ ਦੇਂਦਾ ਏ

ਡੋਬ ਲੈਂਦਾ ਏ ਕਲੇਜੇ ਵਿਚ ਖ਼ੰਜਰ ਵਾਂਗੂੰ
ਦਰਦ ਸੂਰਜ ਨੂੰ ਕਦੋਂ ਐਵੇਂ ਮਿਟਣ ਦੇਂਦਾ ਏ

ਖ਼ਾਕ ਕਰ ਦੇਂਦੀ ਏ ਬੰਦੇ ਨੂੰ ਸਹੀ ਮੁਲ ਦੀ ਤਲਾਸ਼
ਕੌਣ ਆਪੇ ਨੂੰ ਉਰ੍ਹਾਂ ਉਸ ਤੋਂ ਵਿਕਣ ਦੇਂਦਾ ਏ

ਇਹ ਜੁ ਦੀਵਾਰਾਂ ਨੇ ਇਹ ਤ੍ਰੇੜਾਂ ਲਈ ਵਰਕੇ ਨੇ
ਸਾਨੂੰ ਏਨ੍ਹਾਂ ਤੇ ਗ਼ਜ਼ਲ ਕੌਣ ਲਿਖਣ ਦੇਂਦਾ ਏ

ਉਮਰਾਂ ਦੇ ਮੋੜ ਤੇ

ਇਕ ਤੂੰ ਨਹੀਂ ਸੀ ਉਗਮਣਾ ਉਮਰਾਂ ਦੇ ਮੋੜ ਤੇ
ਖਿੜਨੇ ਸੀ ਗੁਲ ਹਜ਼ਾਰ ਚੰਨ ਚੜ੍ਹਨੇ ਸੀ ਹੋਰ ਤੇ

ਮੈਂ ਤਾਂ ਬਹੁਤ ਸੰਭਾਲਿਆ , ਪਰ ਸ਼ਾਮ ਪੈ ਗਈ
ਵਿਛੜਨ ਦਾ ਵਕਤ ਆ ਗਿਆ , ਗਰਦਿਸ਼ ਦੇ ਜ਼ੋਰ ਤੇ

ਇਕ ਬੰਸਰੀ ਦੀ ਹੇਕ ਕੀ ਨਦੀਆਂ ਨੂੰ ਰੋਕਦੀ
ਨਦੀਆਂ ਦਾ ਕਿਹੜਾ ਜ਼ੋਰ ਸੀ ਨਦੀਆਂ ਦੀ ਤੋਰ ਤੇ

ਨਚਣਾ ਤਾਂ ਕੀ ਸੀ ਓਸਨੇ,ਦੋ ਪਲ 'ਚ ਖੁਰ ਗਿਆ
ਕਣੀਆਂ ਕੀ ਚਾਰ ਡਿੱਗੀਆਂ ਮਿੱਟੀ ਦੇ ਮੋਰ 'ਤੇ

' ਜ਼ੰਜੀਰ ਹੈ ਜ਼ੰਜੀਰ ਨੂੰ ਝਾਂਜਰ ਨਾ ਸਮਝਣਾ '
ਹੰਝੂਆਂ ਦੇ ਨਾਲ ਉਕਰਿਆ ਸੀ ਬੋਰ ਬੋਰ ਤੇ

ਤੇਰੇ ਪਰਾਈ ਹੋਣ ਦੀ ਕਿਉਂ ਰਾਤ ਏਨੀ ਚੁਪ
ਉੱਠਾਂ ਤੜਪ ਤੜਪ ਕੇ ਇਕ ਕੰਙਣ ਦੇ ਸ਼ੋਰ ਤੇ

ਸੂਰਜ ਤਲੀ ਤੇ ਰਖ ਕੇ ਮੈਂ ਜਿਥੇ ਉਡੀਕਿਆ
ਤੇਰੀ ਖ਼ਬਰ ਵੀ ਆਈ ਨਾ ਕਦੇ ਓਸ ਮੋੜ 'ਤੇ

ਨਹੀਂ ਲਿਖਣ ਦਿੰਦੀ ਕਵਿਤਾ ਅੱਜ

ਨਹੀਂ ਲਿਖਣ ਦਿੰਦੀ ਕਵਿਤਾ ਅੱਜ
ਅੰਦਰਲੀ ਅੱਗ

ਸਾੜਦੀ ਹੈ ਵਰਕੇ
ਇਕ ਇਕ ਕਰਕੇ

ਨਹੀਂ ਚਾਹਿਦੀ ਮੈਨੂੰ ਕਵਿਤਾ
ਆਖਦੀ ਹੈ ਅੱਗ
ਮੈਨੂੰ ਚਾਹਿਦੀ ਹੈ ਤੇਰੀ ਛਾਤੀ ਦਹਿਕਣ ਲਈ......!!

ਕਿਸ ਦੀ ਕਵਿਤਾ ਹੈ

ਕਿਸ ਦੀ ਕਵਿਤਾ ਹੈ ਜੋ ਮੈਨੂੰ
ਕਵਿਤਾ ਲਿਖਣ ਨਾ ਦੇਵੇ
ਧਿਆਨ ਮੇਰੇ ਨੂੰ
ਮੇਰੇ ਦੁੱਖ ਦੀ
ਨੋਕ ਤੇ ਟਿਕਣ ਨਾ ਦੇਵੇ

ਕਿਸ ਦਾ ਹਾਸਾ
ਕਿਸ ਦਾ ਰੋਣਾ
ਕਿਸ ਦੇ ਫੁੱਲ
ਕਿਸ ਦੀ ਤਲਵਾਰ

ਕੌਣ ਖੜਾ
ਮੇਰੇ ਤੇ ਮੇਰੀ ਕਵਿਤਾ ਦੇ ਵਿਚਕਾਰ.....ll

ਜਿਸਮ ਦੀ ਰੇਤ ਤੇ

ਜਿਸਮ ਦੀ ਰੇਤ ਤੇ ਇਕ ਲਫਜ਼ ਹੈ ਲਿਖਿਆ ਹੋਇਆ
ਪੌਣ ਦੇ ਰਹਿਮ ਤੇ ਇਖਾਲਕ ਹੈ ਟਿਕਿਆ ਹੋਇਆ

ਅੱਗ ਦਾ ਨਾਮ ਹੀ ਸੁਣਦਾ ਹਾਂ ਤਾਂ ਡਰ ਜਾਂਦਾ ਹਾਂ
ਮੈਂ ਜੁ ਪਿੱਤਲ ਹਾਂ ਖਰੇ ਸੋਨਿਓਂ ਵਿਕਿਆ ਹੋਇਆ

ਗੱਡੋ ਸੂਲੀ ਕਿ ਜ਼ਰਾ ਦੇਖੀਏ ਇਹ ਈਸਾ ਹੈ
ਜਾਂ ਕੋਈ ਹੋਰ ਉਦੇ ਭੇਸ 'ਚ ਲੁਕਿਆ ਹੋਇਆ

ਦੁੱਖ ਦੇ ਪਹਿਰ ਦੇ ਅੰਧੇਰ 'ਚ ਮੈਂ ਤੱਕਿਆ ਹੈ
ਮੇਰੇ ਦਿਲ ਵਿਚ ਖੁਦਾ ਹੈ ਕਿਤੇ ਛੁਪਿਆ ਹੋਈਆ

ਉਸ ਨੇ ਤਾਂ ਲਗਣਾ ਹੀ ਸੀ ਅਪਣੀ ਨਜ਼ਰ ਨੂੰ ਮੈਲਾ
ਜਿਸ ਨੇ ਸੂਰਜ ਨੂੰ ਰਕੀਬ ਅਪਣਾ ਸੀ ਮਿਥਿਆ ਹੋਇਆ

ਖੁਦ ਹੀ ਮੈਲੇ ਨੇ ਸਦਾਚਾਰ ਦੇ ਜ਼ਾਮਨ ਸ਼ੀਸ਼ੇ
ਕੋਈ ਚਿਹਰਾ ਨਾ ਜਿਨਾਂ ਵਾਸਤੇ ਉਜਲਾ ਹੋਇਆ

ਬਸ ਬਹਾਰ ਆਉਣ ਦੀ ਦੇਰੀ ਹੈ ਕਿ ਫੁੱਲ ਖਿੜਨੇ ਨੇ
ਮੇਰੀਆਂ ਬਦੀਆਂ ਨੂੰ ਪਤਝੜ ਨੇ ਹੈ ਢਕਿਆ ਹੋਇਆ........lll

ਉਜਲੇ ਸ਼ੀਸ਼ੇ

ਉਜਲੇ ਸ਼ੀਸ਼ੇ ਸਨਮੁਖ ਮੈਨੂੰ ਚਿਰ ਤਕ ਨਾ ਖਲ੍ਹਿਆਰ
ਮੈਲੇ ਮਨ ਵਾਲੇ ਮੁਜਰਿਮ ਨੂੰ ਇਸ ਮੌਤੇ ਨਾ ਮਾਰ

ਚੰਨ ਏਕਮ ਦਾ , ਫੁੱਲ ਗੁਲਾਬ ਦਾ , ਸਾਜ਼ ਦੇ ਕੰਬਦੇ ਤਾਰ
ਕਿੰਨੇ ਖ਼ੰਜਰ ਅੱਖਾਂ ਸਾਂਹਵੇਂ ਲਿਸ਼ਕਣ ਵਾਰੋ ਵਾਰ

ਦਿਲ ਨੂੰ ਬੋਝਲ ਜਿਹੀਆਂ ਲੱਗਣ ਤੇਰੀਆਂ ਕੋਮਲ ਯਾਦਾਂ
ਪੱਥਰਾਂ ਕੋਲੋਂ ਚੁੱਕ ਨਾ ਹੁੰਦਾ ਹੁਣ ਫੁੱਲਾਂ ਦਾ ਭਾਰ

ਲੱਖਾਂ ਗੀਤਾਂ ਦੇ ਲਈ ਖੁੱਲ੍ਹੇ ਮੁਕਤੀ ਦਾ ਦਰਵਾਜ਼ਾ
ਦਿਲ ਵਿਚ ਕੋਈ ਐਸੀ ਖੁੱਭੇ ਚਾਨਣ ਦੀ ਤਲਵਾਰ

ਪੱਥਰ ਹੇਠਾਂ ਅੰਕੁਰ ਤੜਪੇ , ਹਰ ਅੰਕੁਰ ਵਿਚ ਫੁੱਲ
ਪੱਥਰ ਵਿਚ ਤਰੇੜਾਂ ਪਾ ਗਈ ਹਿੰਸਕ ਰੁੱਤ ਬਹਾਰ

ਮਿੱਟੀ ਉੱਤੇ , ਫੁੱਲ ਦੇ ਉੱਤੇ , ਤੇ ਸ਼ਾਇਰ ਦੇ ਦਿਲ ਤੇ
ਇਕ ਮੋਈ ਤਿਤਲੀ ਦਾ ਹੁੰਦਾ ਵੱਖੋ ਵੱਖਰਾ ਭਾਰ

ਚੜ੍ਹਦਾ ਚੰਦ , ਸਮੁੰਦਰ , ਵਜਦਾ ਸਾਜ਼ ਤੇ ਤੇਰੀ ਯਾਦ
ਮੈਂ ਵੀ ਸ਼ਾਮਲ ਹੋ ਜਾਵਾਂ ਤਾਂ ਚੀਜ਼ਾਂ ਹੋਵਣ ਚਾਰ

ਲੇਟੇ ਲੇਟੇ ਪੜ੍ਹਦੇ ਪੜ੍ਹਦੇ ਸੌਂ ਜਾਂਦੇ ਨੇ ਲੋਕ
ਰੋਜ਼ ਤਕਾਲੀਂ ਛਪ ਜਾਂਦਾ ਹੈ ਇਕ ਨੀਲਾ ਅਖ਼ਬਾਰ

ਉਦਾਸ ਵਕਤ '

ਉਦਾਸ ਵਕਤ 'ਚ ਮੈਂ ਅਪਣੀ ਡਾਇਰੀ ਨ ਲਿਖੀ
ਸਫੇਦ ਸਫਿਆਂ ਤੇ ਮੈਂ ਮੈਲੀ ਜ਼ਿੰਦਗੀ ਨ ਲਿਖੀ

ਲਿਖੀ ਕਿਤਾਬ ਤੇ 'ਆਤਮ ਕਥਾ' ਕਿਹਾ ਉਸ ਨੂੰ
ਪਰ ਉਸ ਕਿਤਾਬ 'ਚ ਵੀ ਅਪਣੀ ਜੀਵਨੀ ਨ ਲਿਖੀ

ਮਲੂਕ ਫੁੱਲਾਂ ਨੂੰ ਜਦ ਵੀ ਕਦੇ ਮੈਂ ਖਤ ਲਿਖਿਆ
ਤਾਂ ਅਪਣੇ ਤਪਦਿਆਂ ਰਾਹਾਂ ਦੀ ਗਲ ਕਦੀ ਨ ਲਿਖੀ

ਚਿਰਾਗ ਲਿਖਿਆ ਬਣਾ ਕੇ ਚਿਰਾਗ ਦੀ ਮੂਰਤ
ਪਰ ਉਸ ਚਿਰਾਗ ਦੀ ਕਿਸਮਤ 'ਚ ਰੌਸ਼ਨੀ ਨ ਲਿਖੀ

ਜੁ ਉਡਦੀ ਜਾਏ ਹਵਾਵਾਂ 'ਚ ਪੰਛੀਆਂ ਵਾਗੂੰ
ਬਹੁਤ ਮੈਂ ਲਿਖਿਆ ਏ ਪਰ ਐਸੀ ਡਾਰ ਹੀ ਨ ਲਿਖੀ

ਬਹੁਤ ਜੁ ਲਿਖਿਆ ਗਿਆ ਮੈਂ ਵੀ ਓਹੀ ਲਿਖਦਾ ਰਿਹਾ
ਉਹ ਬਾਤ ਜੋ ਸੀ ਅਜੇ ਤੀਕ ਅਣਲਿਖੀ ਨ ਲਿਖੀ.........ll

ਸਹੀ ਹੈ

ਸਹੀ ਹੈ ਮਾਲਕੋ, ਰਾਹਾਂ ਦੀ ਤਿਲਕਣ
ਗਲਤ ਸੀ ਮੇਰਿਆਂ ਪੈਰਾਂ ਦੀ ਥਿੜਕਣ

ਖਿਮਾ ਕਰਨਾ ਕਿ ਮੈਥੋਂ ਭੁੱਲ ਹੋ ਗਈ
ਬਿਨਾ ਪੁੱਛਿਆਂ ਹੀ ਕਰ ਦਿੱਤਾ ਮੈਂ ਚਾਨਣ

ਸਿਰਫ ਇਕ ਮੈਂ ਹੀ ਤਾਂ ਚਿਹਰਾ ਹਾਂ ਮੈਲਾ
ਉਹ ਸਾਰੇ ਸ਼ੀਸ਼ਿਆਂ ਦੇ ਵਾਂਗ ਲਿਸ਼ਕਣ

ਜੋ ਸਾਡਾ ਹਾਲ ਪੁੱਛਣ ਦੁੱਖ ਪਛਾਨਣ
ਉਨਾਂ ਨੁੰ ਕਹਿ ਨਾ ਐਵੇਂ ਖਾਕ ਛਾਨਣ

ਨਹੀਂ ਪੁਗਦੀ ਕਦੇ ਵੀ ਜੀਂਦਿਆਂ ਨੂੰ
ਇਹ ਸਾਹਾਂ ਦੀ ਹਵਾਵਾਂ ਨਾਲ ਅਣਬਣ

ਜਿਨਾਂ ਖਾਤਰ ਸਾਂ ਹੁਣ ਤਕ ਉਮਰ ਕੈਦੀ
ਪਤਾ ਨਈਂ ਉਹ ਪਛਾਨਣ ਨਾ ਪਛਾਨਣ

ਬਹੁਤ ਦਿਨ ਹੋ ਗਏ ਹੋਈ ਨਾ ਛਣਛਣ
ਹੈ ਝਾਂਜਰ ਨਾਲ ਕੀ ਪੈਰਾਂ ਦੀ ਅਣਬਣ........!!

ਬਣ ਰਹੇ ਹਾਂ ਬੰਦਿਆਂ ਤੋਂ ਫੇਰ ਪੱਥਰ

ਬਣ ਰਹੇ ਹਾਂ ਬੰਦਿਆਂ ਤੋਂ ਫੇਰ ਪੱਥਰ
ਫੇਰ ਮਿੱਟੀ
ਫੇਰ ਪਾਣੀ
ਬਣ ਰਹੇ ਹਾਂ ਪੰਕਤੀਆਂ ਤੋਂ ਫੇਰ ਲਫ਼ਜ਼
ਅਤੇ ਲਫ਼ਜ਼ੋਂ
ਚਾਂਗਰਾਂ
ਚੀਕਾਂ
ਚਿੰਘਾੜਾਂ

ਧਰਤ ਪੁੱਠੀ ਗਿੜ ਰਹੀ ਹੈ
ਖ਼ੌਫ਼ ਨਾਲ

ਖਾ ਰਹੀ ਹੈ ਰੁੱਖ ਮਿੱਟੀ
ਮੁੜ ਰਹੇ ਨੇ ਨੀਰ ਅਪਣੇ ਸੋਮਿਆਂ ਨੂੰ
ਪਰਤਦੇ ਨੇ ਫੁੱਲ ਪਿਛਾਹਾਂ

ਸੁੱਟ ਕੇ ਇਹ ਸਾਜ਼
ਇਹ ਪਾਵਨ ਕਿਤਾਬਾਂ
ਇਹ ਪਿਆਰੇ ਮੁੱਖੜੇ
ਦੌੜ ਉਠਾਂਗੇ ਸਿਰਫ਼ ਇਕ ਜਾਨ ਲੈ ਕੇ

ਬਣ ਰਹੇ ਹਾਂ ਬੰਦਿਆਂ ਤੋਂ ਸਿਰਫ਼ ਜਾਨਾਂ

ਕੀ ਹੈ ਤੇਰੇ ਸ਼ਹਿਰ ਵਿਚ

ਕੀ ਹੈ ਤੇਰੇ ਸ਼ਹਿਰ ਵਿਚ ਮਸ਼ਹੂਰ ਹਾਂ
ਜੇ ਨਜ਼ਰ ਤੇਰੀ 'ਚ ਨਾ-ਮਨਜ਼ੂਰ ਹਾਂ

ਸੀਨੇ ਉਤਲੇ ਤਗਮਿਆਂ ਨੂੰ ਕੀ ਕਰਾਂ
ਸੀਨੇ ਵਿਚਲੇ ਨਗਮਿਆਂ ਤੋਂ ਦੂਰ ਹਾਂ

ਢੋ ਰਿਹਾ ਹਾਂ ਮੈਂ ਹਨੇਰਾ ਰਾਤ ਦਿਨ
ਆਪਣੀ ਹਉਮੈ ਦਾ ਮੈਂ ਮਜ਼ਦੂਰ ਹਾਂ

ਦਰਦ ਨੇ ਮੈਨੂੰ ਕਿਹਾ : ਐ ਅੰਧਕਾਰ
ਮੈਂ ਤੇਰੇ ਸੀਨੇ 'ਚ ਛੁਪਿਆ ਨੂਰ ਹਾਂ

ਮੇਰੇ ਸੀਨੇ ਵਿਚ ਹੀ ਹੈ ਸੂਲੀ ਮੇਰੀ
ਮੈਂ ਵੀ ਆਪਣੀ ਕਿਸਮ ਦਾ ਮਨਸੂਰ ਹਾਂ......!!

ਹਿੱਕ ਵਿੱਚ ਖੰਜਰ ਡੋਬ ਕੇ ਸੌਂ ਗਏ,

ਹਿਕ ਵਿਚ ਖ਼ੰਜਰ ਡੋਬ ਕੇ ਸੌਂ ਗਏ ,ਅਜਕਲ੍ਹ ਇਉਂ ਨਈਂ ਕਰਦੇ ਲੋਕ
ਹੁਣ ਤਾਂ ਦਿਲ ਨੂੰ ਦੁਖ ਜਿਹਾ ਲਾ ਕੇ , ਹੌਲੀ ਹੌਲੀ ਮਰਦੇ ਲੋਕ

ਮੈਂ ਕਦ ਸੂਹੇ ਬੋਲ ਉਗਾਏ , ਮੈਂ ਕਦ ਰੌਸ਼ਨ ਬਾਤ ਕਹੀ
ਮੇਰੇ ਪੇਸ਼ ਤਾਂ ਐਵੇਂ ਪੈ ਗਏ , ਇਸ ਬੇਨੂਰ ਨਗਰ ਦੇ ਲੋਕ

ਜਿਹੜੀ ਰੁਤ ਨੂੰ ' ਉਮਰਾ ' ਕਹਿੰਦੇ , ਉਸ ਦੀ ਠੰਢ ਵੀ ਕੈਸੀ ਹੈ
ਜਿਸ ਦਿਨ ਤੀਕ ਸਿਵਾ ਨਾ ਸੇਕਣ ਰਹਿਣ ਵਿਚਾਰੇ ਠਰਦੇ ਲੋਕ

ਰੇਤਾ ਉਤੋਂ ਪੈੜ ਮਿਟਦਿਆਂ ਫਿਰ ਵੀ ਕੁਝ ਚਿਰ ਲਗਦਾ ਹੈ
ਕਿੰਨੀ ਛੇਤੀ ਭੁਲ ਗਏ ਸਾਨੂੰ ਤੇਰੇ ਯਾਰ ਨਗਰ ਦੇ ਲੋਕ

ਲਿਸ਼ਕਦੀਆਂ ਤਲਵਾਰਾਂ ਕੋਲੋਂ ਅਜਕਲ ਕਿਹੜਾ ਡਰਦਾ ਹੈ
ਡਰਦੇ ਨੇ ਤਾਂ ਕੇਵਲ ਅਪਣੇ ਸ਼ੀਸ਼ੇ ਕੋਲੋਂ ਡਰਦੇ ਲੋਕ

ਜੋ ਤਲੀਆਂ ਤੇ ਚੰਦ ਟਿਕਾ ਕੇ ਗਲੀਆਂ ਦੇ ਵਿਚ ਫਿਰਦਾ ਹੈ
ਓਸ ਖੁਦਾ ਦੇ ਪਿੱਛੇ ਲੱਗੇ ਪਾਗਲ ਪਾਗਲ ਕਰਦੇ ਲੋਕ

ਇਹ ਇਕ ਧੁਖਦਾ ਰੁੱਖ ਆਇਆ ਹੈ , ਇਹ ਆਈ ਧੁਨ ਮਾਤਮ ਦੀ
ਏਨ੍ਹਾਂ ਲਈ ਦਰਵਾਜ਼ੇ ਖੋਲ੍ਹੋ , ਇਹ ਤਾਂ ਅਪਣੇ ਘਰ ਦੇ ਲੋਕ

ਐਸੀ ਰਾਤ ਵੀ ਕਦੀ ਕਦੀ ਤਾਂ ਮੇਰੇ ਪਿੰਡ 'ਤੇ ਪੈਂਦੀ ਹੈ
ਦੀਵੇ ਹੀ ਬੁਝ ਜਾਣ ਨਾ ਕਿਧਰੇ ਹਉਕਾ ਲੈਣ ਨਾ ਡਰਦੇ ਲੋਕ

ਪੈਸਾ ਧੇਲਾ , ਜੱਗ ਝਮੇਲਾ , ਰੌਣਕ ਮੇਲਾ , ਮੈਂ ਮੇਰੀ
ਸਿਵਿਆਂ ਕੋਲੋਂ ਕਾਹਲੀ ਕਾਹਲੀ ਲੰਘੇ ਗੱਲਾਂ ਕਰਦੇ ਲੋਕ

ਰਾਜੇ-ਪੁੱਤਰਾਂ ਬਾਗ ਉਜਾੜੇ , ਦੋਸ਼ ਹਵਾ ਸਿਰ ਧਰਦੇ ਲੋਕ
ਬਾਗ ਤਾਂ ਉਜੜੇ , ਜਾਨ ਨਾ ਜਾਵੇ , ਏਸੇ ਗੱਲੋਂ ਡਰਦੇ ਲੋਕ